Monday 26 September 2011

ਬਲਬੀਰ ਦੱਤ ਯਾਦਗਾਰੀ ਸਮਾਗਮ ਵਿੱਚ ਵਲੈਤ ਭਰ ਦੇ ਸੰਗੀਆਂ ਸਾਥੀਆਂ ਨੇ ਹਿੱਸਾ ਲਿਆ।

ਬੈੱਡਫੋਰਡ (ਯੂ ਕੇ) ਬਲਬੀਰ ਦੱਤ ਯਾਦਗਾਰੀ ਕਮੇਟੀ ਵੱਲੋਂ ਰਵੀਦਾਸ ਕਮਿਊਨਿਟੀ ਸੈਂਟਰ ਬੈੱਡਫੋਰਡ ਵਿਖੇ 11 ਸਤੰਬਰ ਨੂੰ ਸਾਥੀ ਦੱਤ ਦੀ ਜ਼ਿੰਦਗੀ ਦਾ ਜਸ਼ਨ ਮਨਾ ਕੇ ਉਸ ਨੂੰ ਯਾਦ ਕੀਤਾ ਗਿਆ ਜਿਸ ਵਿੱਚ ਵਲੈਤ ਭਰ ਦੇ ਸੰਗੀਆਂ ਸਾਥੀਆਂ ਨੇ ਹਿੱਸਾ ਲਿਆ। ਸਾਥੀ ਦੱਤ ਅਚਾਨਕ ਪਿਛਲੇ ਸਾਲ ਸਾਥੋਂ ਵਿਛੜ ਗਏ ਸੀ।
ਬਲਬੀਰ ਦੱਤ ਯਾਦਗਾਰੀ ਸਮਾਗਮ ਦੀ ਪ੍ਰਧਾਨਗੀ ਮੰਡਲ ਵਿੱਚ ਸ੍ਰੀ ਕੁਲਦੀਪ ਸਿੰਘ ਰੂਪਰਾ ਤੇ ਸ੍ਰੀ ਸਤ ਪੌਲ ਨੇ ਕੀਤੀ ਤੇ ਮੰਚ ਸੰਚਾਲਨ ਦੀ ਜਿੰਮੇਵਾਰੀ ਸੁਖਦੇਵ ਸਿੱਧੂ ਨੇ ਨਿਭਾਈ। ਸਾਥੀ ਦੱਤ ਦੀ ਅਣਥੱਕ, ਨਿਰਪੱਖ, ਅਡੋਲ ਤੇ ਸਿਰੜੀ ਕਮਿਊਨਿਟੀ ਵਰਕਰ ਵਜੋਂ ਲਗਨ ਨੂੰ ਵੱਖ ਵੱਖ ਬੁਲਾਰਿਆਂ ਨੇ ਸ਼ਰਧਾਂਜਲੀ ਦੇ ਰੂਪ ਵਿਚ ਦੁਹਰਾਇਆ। ਸਾਥੀ ਦੱਤ ਏਨੇ ਹਰਮਨ ਪਿਆਰੇ ਸਨ ਕਿ ਹਰ ਕੋਈ ਉਨ੍ਹਾਂ ਨੂੰ ਆਪਣੇ ਹੀ ਸੱਭ ਤੋਂ ਵੱਧ ਨੇੜੇ ਸਮਝਦਾ ਹੈ।
ਸ੍ਰੀ ਰੂਪਰਾ ਹੋਰਾਂ ਮੀਟਿੰਗ ਨੂੰ ਸ਼ੁਰੂ ਕਰਦਿਆ ਬਲਬੀਰ ਦੱਤ ਨਾਲ ਮੁੱਢਲੇ ਦਿਨਾਂ ਦਾ ਜਿਕਰ ਕੀਤਾ ਕਿ ਉਜੱਲ ਦੁਸਾਝ ਹੋਰਾਂ ਨਾਲ ਰਲਕੇ ਬੈੱਡਫੋਰਡ ਚ ਯੰਗ ਇੰਡੀਅਨ ਸਭਾ ਬਣਾਈ ਸੀ। ਇਹੀ ਯੰਗ ਇੰਡੀਅਨ ਸਭਾ ਅੱਗੋਂ ਜਾ ਕੇ ਭਾਰਤੀ ਮਜ਼ਦੂਰ ਸਭਾ ਦੀ ਬਹੁਤ ਤਕੜੀ ਬਰਾਂਚ ਬਣੀ ਸੀ। ਉੱਜਲ ਦੁਸਾਝ ਕਨੇਡੇ ਜਾ ਕੇ ਉੱਚ ਪਦਵੀਆਂ ਤੇ ਰਹੇ ਤੇ ਬਲਬੀਰ ਦੱਤ ਭਾਰਤੀ ਮਜ਼ਦੂਰ ਸਭਾ (ਗ ਬ) ਦਾ ਅਸਿਸਟੈਂਟ ਜਨਰਲ ਸੈਕਟਰੀ ਬਣਿਆ। ਕਸ਼ਮੀਰ ਸਿੰਘ ਬਸਰਾ ਵਲੋਂ ਸ੍ਰੀ ਮਤੀ ਪੁਸ਼ਪਾ ਦੱਤ ਤੇ ਬਲਬੀਰ ਦੱਤ ਦੇ ਪਿਤਾ ਸ਼੍ਰੀ ਬੱਗੂ ਨੂੰ ਮਾਣ ਵਜੋਂ ਗੁਲਦਸਤੇ ਪੇਸ਼ ਕੀਤੇ ਗਏ।
ਬੈੱਡਫੋਰਡ ਦੇ ਰਹਿ ਚੁੱਕੇ ਲੇਬਰ ਐਮ ਪੀ, ਪੈਟਰਿਕ ਹਾਲ ਨੇ ਸਾਥੀ ਨੂੰ ਯਾਦ ਕਰਦਿਆਂ ਸ਼ਰੇਆਮ ਕਿਹਾ ਕਿ ਜੇ ਬਲਬੀਰ ਦੱਤ ਚਾਹੁੰਦਾ ਤਾਂ ਕਿਸੇ ਵੇਲੇ ਵੀ ਕੌਂਸਲਰ ਬਣ ਸਕਦਾ ਸੀ, ਐਮ ਪੀ ਵੀ ਬਣ ਸਕਦਾ ਸੀ ਪਰ ਓਹਨੇ ਆਪਣਾ ਜੀਵਨ ਆਮ ਲੋਕਾਂ ਦੀ ਭਲਾਈ ਤੇ ਉਸਾਰੀ ਲਈ ਹੀ ਲਾਇਆ। ਓਹ ਆਪਣੇ ਨਰਮ ਤੇ ਠੰਡੇ ਸੁਭਾਅ ਦੇ ਬਾਵਜੂਦ ਆਪਣੇ ਉਦੇਸ਼ਾਂ ਨਾਲ ਸਮਝੌਤਾ ਨਹੀਂ ਸੀ ਕਰਦਾ ਤੇ ਓਹਦੀ ਹਾਜ਼ਰੀ ਹੀ ਪ੍ਰਬੰਧਕਾਂ ਨੂੰ ਚੌਕਸ ਕਰ ਦਿੰਦੀ ਸੀ।
ਬੈੱਡਫੋਰਡ ਵਾਸੀਆਂ ਤੋ ਬਿਨਾਂ ਵੂਲਿਚ, ਈਸਟ ਲੰਡਨ, ਇਲਫੋਰਡ, ਸਾਊਥਾਲ, ਵੈਲਿੰਗਬਰੋ, ਰਸ਼ਡੰਨ, ਲੂਟਨ, ਮਿਲਟਨ ਕੀਨਜ਼, ਔਕਸਫੋਰਡ, ਬ੍ਰਮਿੰਗਮ, ਕਵੈਂਟਰੀ, ਨੱਨੀਟਨ, ਲੈਸਟਰ, ਡਰਬੀ, ਬ੍ਰਮਿੰਘਮ ਆਦਿ ਸ਼ਹਿਰਾਂ ਤੋ ਸੰਗੀਆਂ ਸਾਥੀਆਂ ਨੇ ਸਾਥੀ ਦੱਤ ਨਾਲ ਯਾਦਾਂ ਨੂੰ ਤਾਜਾ ਕੀਤਾ।ਂ
ਪੈਟਰਿਕ ਹਾਲ, ਕੌਸਲਰ ਯਾਸੀਨ ਮੁਹੰਮਦ, ਕੌਸਲਰ ਅੱਪੂ ਬਗਚੀ, ਕੌਸਲਰ ਰੈਂਡਲਫ ਚਾਰਲਜ਼, ਸਟੈਫਨੀ ਰੈਂਡਲਫ, ਮਲਕੀਤ ਸਿੰਘ ਖਿੰਡਾ, ਸਤਪਾਲ, ਪਿਆਰਾ ਭੱਟੀ, ਵੀਨਾ ਮਸੀਹ, ਡਾਕਟਰ ਸ੍ਰੀ ਨਿਵਾਸਨ, ਅਰੁਨ ਕੁਮਾਰ, ਕੁਲਦੀਪ ਰੂਪਰਾ, ਲੇਖ ਪਾਲ, ਬਲਬੀਰ ਰੱਤੂ, ਸੂਰਤ ਦੁਸਾਝ, ਸਾਥੀ ਹਰਦੇਵ ਢਿੱਲੋਂ,
ਬਲਬੀਰ ਦੱਤ ਨੇ ਪਹਿਲਾਂ ਬੈੱਡਫ਼ਰਡ ਚ ਨੌਜਵਾਨ ਮੁੰਡਿਆਂ ਦੀ ਜਥੇਬੰਦੀ ਯੰਗ ਇੰਡੀਅਨ ਬਣਾਈ। ਬਹੁਤੇ ਮੁੰਡੇ ਸਿਆਸੀ ਸੂਝ ਰੱਖਦੇ ਸੀ। ਇਨ੍ਹਾਂ ਨੇ ਟੂਰਨਾਮੈਂਟ-ਮੇਲੇ ਕਰਵਾਏ। ਫਿਰ ਬੈੱਡਫੋਰਡ ਭਾਰਤੀ ਮਜ਼ਦੂਰ ਸਭਾ ਦੀ ਚੋਟੀ ਦੀ ਬਰਾਂਚ ਬਣਾਈ। ਦਲਿੱਤਾਂ ਦੀ ਭਲਾਈ ਲਈ ਬਣਾਏ, ਦਲਿੱਤ ਮੁਕਤੀ ਅਲਾਇੰਸ ਦਾ ਲੀਡਰ ਵੀ ਰਿਹਾ। ਬੇਰੁਜ਼ਗ਼ਾਰਾਂ ਲਈ ਸੈਂਟਰ ਖੋਲ੍ਹਿਆ। ਏਸ਼ੀਅਨ ਬਜ਼ੁਰਗ਼ਾਂ ਲਈ ਸੈਂਟਰ ਖੁੱਲਵਾਇਆ। ਟਰੇਡ ਯੂਨੀਅਨ ਕੌਂਸਿਲ ਦਾ ਮੈਂਬਰ ਵੀ ਰਿਹਾ। ਨਸਲਵਾਦ ਦੇ ਖਿਲਾਫ਼ ਕਈ ਸੰਘਰਸ਼ ਕੀਤੇ।
ਬਲਬੀਰ ਦੇ ਬੈੱਡਫ਼ਰਡ ਚ ਕੀਤੇ ਕੰਮਾਂ ਦਾ ਲੇਖਾ ਵਸੀਹ ਹੈ। ਭਾਈਚਾਰੇ ਲਈ ਚਾਲੀ ਸਾਲ ਤੋਂ ਵਧੇਰੇ ਸਮਾਂ ਹਰ ਤਰ੍ਹਾਂ ਦੀ ਮੁਫ਼ਤ ਐਡਵਾਈਸ ਦਿੱਤੀ। ਲੋਕਾਂ ਦੇ ਔਖੇ ਭੀੜੇ ਵੇਲ਼ੇ ਕੰਮ ਆਇਆ। ਸੈਂਕੜੇ ਕੇਸ ਜਿੱਤੇ। ਹਜ਼ਾਰਾਂ ਪੌਂਡ ਲੋਕਾਂ ਨੂੰ ਮੁਆਵਜੇ ਵਜੋਂ ਦੁਆਏ। ਨੱਠ ਭੱਜ ਵਾਲ਼ੀ ਜ਼ਿੰਦਗ਼ੀ ਚ, ਬਹੁਤੇ ਬੰਦੇ ਆਪਣੇ ਜਨਮ ਚ ਇਕ ਜੀਵਨ ਜੋਗਾ ਕੰਮ ਹੀ ਮਸਾਂ ਕਰ ਸਕਦੇ ਹੁੰਦੇ ਨੇ। ਸਮਾਂ ਗੁਆਹ ਹੈ, ਕਿ ਦੱਤ ਨੇ ਤਿੰਨਾਂ-ਚੌਂਹ ਜਨਮਾਂ ਜਿੰਨਾ ਕੰਮ ਕਰਕੇ ਮਿਸਾਲ ਕਾਇਮ ਕੀਤੀ ਹੈ
ਚਿੰਗਾੜੀ ਨਾਟਕ ਕਲਾ ਕੇਂਦਰ ਨੇ ਸਾਥੀ ਦੱਤ ਨੂੰ ਸ਼ਰਧਾਂਜਲੀ ਵਜੋ ਗੁਰਸ਼ਰਨ ਸਿਘ ਹੋਰਾਂ ਦਾ ਨਾਟਕ ਟੋਆ ਖੇਡ ਕੇ ਕੀਤੀ। ਨਾਟਕ ਨੂੰ ਅਦਾਕਾਰੀ ਤੇ ਸੁਨੇਹੇ ਵਜੋ ਬਹੁਤ ਪਸੰਦ ਕੀਤਾ ਗਿਆ। ਇਹ ਸਾਥੀ ਦੱਤ ਦੇ ਮਨ ਪਸੰਦ ਨਾਟਕਾਂ ਵਿਚੋਂ ਸੀ। ਸੁਰਿੰਦਰ ਵਿਰਦੀ ਨੇ ਡਾ ਜਗਤਾਰ ਦੀ ਗ਼ਜ਼ਲ 'ਹਰ ਪੈਰ ਤੇ ਸਲੀਬਾਂ ਹਰ ਮੋੜ ਤੇ ਹਨੇਰਾ' ਮਹਿੰਦਰ ਮੱਟੂ ਨੇ ਸੰਤ ਰਾਮ ਉਦਾਸੀ ਦੇ ਗੀਤ ਕੇ ਸਰਧਾਜਲੀ ਪੇਸ਼ ਕੀਤੀ। ਕਸ਼ਮੀਰ ਬਸਰਾ, ਅਜੀਤ ਸਿੰਘ ਸੰਧੂ, ਸੈਦਾ ਰਾਮ ਗਰੇਵਾਲ ਤੇ ਖਰਲਵੀਰ ਨੇ ਕਵਿਤਾਵਾਂ ਪੜ੍ਹੀਆਂ, ਅਤੇ ਕਾਮਰੇਡ ਦਰਸ਼ਨ ਖਟਕੜ ਦੀ ਧੀ, ਰੂਪ ਖਟਕੜ ਨੇ ਭਰੂਣ ਹੱਤਿਆ ਬਾਰੇ ਆਪਣੇ ਪਿਤਾ ਦਾ ਗੀਤ ਤਰੰਨਮ 'ਚ ਗਾ ਕੇ ਸੁਣਾਈ। ਸੂਰਤ ਦੁਸਾਂਝ ਨੇ ਸੰਗੀਆਂ ਸਾਥੀਆਂ ਦੀ ਫਰਮਾਇਸ਼ ਤੇ ਸਾਥੀ ਬਲਬੀਰ ਦੱਤ ਦੀ ਪਸੰਦੀਦਾ ਜਗਮੋਹਨ ਜੋਸ਼ੀ ਦੀ ਨਜ਼ਮ "ਹਮ ਜੰਗ ਏ ਆਵਾਮੀ ਸੇ ਕੁਹਰਾਮ ਮਚਾ ਦੇਂਗੇ" ਤਰੁਨਮ ਚ ਗਾ ਕੇ ਪੇਸ਼ ਕੀਤੀ। ਉਰਦੂ ਦਾ ਗਿਆਤਾ ਨਾ ਹੋਣ ਦੇ ਬਾਵਜੂਦ ਬਲਬੀਰ ਦੱਤ ਇਹ ਨਜ਼ਮ ਸਟੇਜਾਂ ਤੇ ਗਾਇਆ ਕਰਦਾ ਸੀ।
ਬ੍ਰਮਿੰਘਮ ਵਾਲੇ ਸਾਥੀਆਂ ਨੇ ਪਰਾਗਰੈਸਿਵ ਕਿਤਾਬਾਂ ਦੀ ਪ੍ਰਦਰਸ਼ਰਨੀ ਲਾਈ ਤੇ ਪ੍ਰੋਗਰਾਮ ਤੋਂ ਬਾਅਦ ਭੋਜਨ ਦਾ ਪ੍ਰਬੰਧ ਕੀਤਾ ਗਿਆ ਸੀ। ਪਰੋਗਰਾਮ ਦੀ ਕਾਮਯਾਬੀ ਲਈ ਬਲਬੀਰ ਦੱਤ ਯਾਦਗਾਰੀ ਕਮੇਟੀ ਤੇ ਖਾਸ ਕਰਕੇ ਕੁਲਦੀਪ ਸਿੰਘ ਰੂਪਰਾ, ਰਜਿੰਦਰ ਬੱਧਨ, ਨਿਰਮਲ ਸੋਂਧੀ, ਸਤਪਾਲ, ਸੁਖਦੇਵ ਸਿੱਧੂ, ਕਸ਼ਮੀਰ ਸਿੰਘ ਬਸਰਾ, ਦੇਵ ਰਣਜੀਤ ਬਾਹਰਾ, ਰਤਨਪਾਲ, ਤੀਰਥ ਧਾਰੀਵਾਲ ਆਦਿ ਦਾ ਵੱਡਮੁਲਾ ਯੋਗਦਾਨ ਹੈ।

ਇਨਕਲਾਬੀ ਕਵੀ ਪਾਸ਼ ਦੇ ਜਨਮ ਦਿਨ ਤੇ ਸਾਹਿਤਕ ਸਮਾਗਮ

ਰਿਪੋਰਟ:- ਭਾਰਤ ਭੂਸ਼ਨ
ਗਰੀਨਫੋਰਡ (ਲੰਡਨ) ਪਾਸ਼ ਯਾਦਗਾਰੀ ਕੌਮਾਂਤਰੀ ਟ੍ਰਸਟ ਦੀ ਯੂ ਕੇ ਇਕਾਈ ਵੱਲੋਂ ਇਨਕਲਾਬੀ ਕਵੀ ਪਾਸ਼ ਦੇ ਜਨਮ ਦਿਨ ਤੇ ਸਾਹਿਤਕ ਸਮਾਗਮ ਗਰੀਨਫੋਰਡ ਵਿਖੇ 10 ਸਤੰਬਰ ਨੂੰ ਕੀਤਾ ਗਿਆ
ਜਿਸ ਵਿੱਚ ਵਲੈਤ ਭਰ ਦੇ ਨਾਮਵਰ ਚਿੰਤਕਾਂ/ਸਾਹਿਤਕਾਰਾਂ ਨੇ ਹਿੱਸਾ ਲਿਆ। ਵੈਨਕੂਵਰ ਦੇ ਮਸ਼ਹੂਰ-ਤਰੀਨ, ਰੈੱਡ ਐੱਫ ਐਮ ਰੇਡੀਓ ਤੇ ਘੰਟੇ ਦਾ ਪ੍ਰੋਗਰਾਮ ਹੋਇਆ ਜਿਸ ਵਿਚ ਯੂ ਕੇ ਵਾਲੇ ਪ੍ਰੋਗਰਾਮ ਦਾ ਵਿਸੇਸ਼ ਜ਼ਿਕਰ ਡਾ ਸੁਰਿੰਦਰ ਧੰਜਲ ਹੋਰਾਂ ਨੇ ਕੀਤਾ ਤੇ ਪਰੋਗਰਾਮ ਦੀ ਕਾਮਯਾਬੀ ਲਈ ਸ਼ੁਭ ਇਛਾਵਾਂ ਭੇਜੀਆਂ।
ਸਮਾਗਮ ਦੇ ਪਹਿਲੇ ਸੈਸ਼ਨ ਦੇ ਪ੍ਰਧਾਨਗੀ ਮੰਡਲ ਵਿੱਚ ਡਾ ਅਮਰ ਜਿਓਤੀ, ਅਵਤਾਰ ਉੱਪਲ ਅਤੇ ਪੰਜਾਬ ਤੋ ਆਏ ਕਾਮਰੇਡ ਕੁਲਵੰਤ ਸੰਧੂ ਜੀ ਸੁਸ਼ੋਭਿਤ ਹੋਏ। ਅਵਤਾਰ ਉੱਪਲ ਹੋਰਾਂ ਨੇ 'ਭਾਰਤੀ ਸਮਾਜ ਚ ਇਸਤਰੀ ਦੀ ਅਵਸਥਾ' ਵਿਸ਼ੇ ਤੇ ਪਰਚਾ ਪੜ੍ਹਿਆ। ਪਹਿਲੇ ਸੈਸ਼ਨ ਦੀ ਮੰਚ ਸੰਚਾਲਕ ਦੀ ਜਿੰਮੇਵਾਰੀ ਪਾਸ਼ ਯਾਦਗਾਰੀ ਕੌਮਾਂਤਰੀ ਟਰੱਸਟ ਦੇ ਮੈਂਬਰ ਸੁਖਦੇਵ ਸਿੱਧੂ ਨੇ ਨਿਭਾਈ। ਹਾਜ਼ਿæਰ ਵਿਦਵਾਨਾਂ ਨੇ ਪਰਚੇ ਤੇ ਗੰਭੀਰ ਵਿਚਾਰ ਚਰਚਾ ਕੀਤੀ ਅਤੇ ਪਰਚੇ ਵਿੱਚ ਉਠਾਏ ਗਏ ਨੁਕਤਿਆਂ ਬਾਰੇ ਵੱਖ ਵੱਖ ਪਹਿਲੂਆਂ ਤੋਂ ਆਪਣੇ ਵਿਚਾਰ ਰੱਖੇ। ਦਲਵੀਰ ਕੌਰ, ਡਾ ਦਵਿੰਦਰ ਕੌਰ, ਹਰਜੀਤ ਅਟਵਾਲ, ਡਾ ਸਾਥੀ ਲੁਧਿਆਣਵੀ, ਸੰਤੋਖ ਸਿੰਘ ਸੰਤੋਖ, ਕੁਲਵੰਤ ਕੌਰ ਢਿੱਲੋਂ, ਦਰਸ਼ਨ ਬੁਲੰਦਵੀ, ਸ਼ੀਰਾ ਜੌਹਲ, ਮਨਜੀਤ ਕੌਰ ਪੱਡਾ, ਮੁਹਿੰਦਰਪਾਲ ਧਾਲੀਵਾਲ, ਕੇ ਸੀ ਮੋਹਨ, ਸ਼ਿਵਚਰਨ ਗਿੱਲ, ਕੌਂਸਲਰ ਰਣਜੀਤ ਧੀਰ, ਲੋਕਲ ਸੰਸਦ ਮੈਂਬਰ ਵਰਿੰਦਰ ਸ਼ਰਮਾ, ਪੰਜਾਬ ਤੋਂ ਆਏ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਦੇ ਟ੍ਰਸੱਟੀ ਕੁਲਵੰਤ ਸੰਧੂ ਨੇ ਔਰਤ ਦੀ ਮੌਜੂਦਾ ਸਥਿਤੀ ਅਤੇ ਦਰਪੇਸ਼ ਮੁਸ਼ਕਲਾਂ ਬਾਰੇ ਪੰਜਾਬ ਵਿਚ ਹੁੰਦੀਆਂ ਸਰਗਰਮੀਆਂ ਬਾਰੇ ਜਾਣਕਾਰੀ ਦਿੱਤੀ; ਉਨ੍ਹਾਂ ਨੇ ਬਾਹਰ ਬੈਠੇ ਪੰਜਾਬੀਆਂ ਵਲੋਂ ਅਜੇਹੇ ਮੁਦਿੱਆਂ ਤੇ ਕੀਤੀਆਂ ਸਰਗਰਮੀਆਂ ਦੀ ਸ਼ਲਾਘਾ ਕੀਤੀ। ਅਵਤਾਰ ਉੱਪਲ ਹੁਰਾਂ ਨੇ ਵਿਚਾਰਵਾਨਾਂ ਵੱਲੋਂ ਪਰਚੇ ਸਬੰਧੀ ਉਠਾਏ ਸਵਾਲਾਂ ਦੇ ਜਵਾਬ ਦਿੱਤੇ। ਡਾ ਅਮਰ ਜਿਓਤੀ ਨੇ ਬਹਿਸ ਨੂੰ ਸਮੇਟਦਿਆਂ ਕਈ ਨੁਕਤਿਆਂ ਨੂੰ ਹੋਰ ਵਿਸਥਾਰ ਨਾਲ ਪੇਸ਼ ਕੀਤਾ।
ਇਸ ਸੈਸ਼ਨ ਵਿਚ ਨੌਜਵਾਨ ਫਿਲਮ ਮੇਕਰ ਰਾਜੀਵ ਸ਼ਰਮਾ ਵੱਲੋਂ ਬਣਾਈ ਗੁਰਮੀਤ ਕੜਿਆਲਵੀ ਦੀ ਛੋਟੀ ਕਹਾਣੀ ਤੇ ਅਧਾਰਿਤ ਛੋਟੀ ਪੰਜਾਬੀ ਫਿਲਮ "ਆਤੂ ਖੋਜੀ" ਕੌਂਸਲਰ ਰਣਜੀਤ ਧੀਰ ਹੋਰਾਂ ਨੇ ਰਿਲੀਜ਼ ਕੀਤੀ।
ਟਰੱਸਟ ਦੇ ਮੈਂਬਰ ਸੁਖਦੇਵ ਸਿੱਧੂ ਨੇ ਪੰਜਾਬੀ ਦੇ ਪ੍ਰਸਿੱਧ ਲੇਖਕ ਉਸਤਾਦ ਚਿਰਾਗਦੀਨ ਦਾਮਨ ਦੀ ਜਨਮ ਸ਼ਤਾਬਦੀ (4 ਸਤੰਬਰ) ਦੇ ਮੌਕੇ ਤੇ ਯਾਦ ਕਰਦਿਆਂ ਉਸਤਾਦ ਦਾਮਨ ਦੀ ਜ਼ਿੰਦਗੀ ਅਤੇ ਸ਼ਾਇਰੀ ਬਾਰੇ ਵੀ ਗੱਲਾਂ ਕੀਤੀਆਂ।
ਦੂਜੇ ਦੌਰ ਵਿੱਚ ਕਵੀ ਦਰਬਾਰ ਹੋਇਆ, ਜਿਸਦੀ ਪ੍ਰਧਾਨਗੀ ਦਰਸ਼ਨ ਬੁਲੰਦਵੀ ਅਤੇ ਡਾ ਦਵਿੰਦਰ ਕੌਰ ਹੋਰਾਂ ਨੇ ਕੀਤੀ ਤੇ ਸ੍ਰੀ ਕੇ ਸੀ ਮੋਹਣ ਹੋਰਾਂ ਨੇ ਸਟੇਜ ਸਕੱਤਰ ਦੀ ਜਿੰਮੇਵਾਰੀ ਨਿਭਾਈ। ਵਲੈਤ ਦੇ ਦੂਰ ਨੇੜਿਓ ਪਹੁੰਚੇ ਪ੍ਰਮੁੱਖ ਕਵੀਆਂ ਨੇ ਭਾਗ ਲਿਆ। ਕਵੀ ਦਰਬਾਰ ਵਿੱਚ ਸਾਥੀ ਲੁਧਿਆਣਵੀ ਨੇ ਪਾਸ਼ ਨਾਲ ਬਿਤਾਏ ਪਲ ਸਾਂਝੇ ਕਰਦਿਆਂ ਪਾਸ਼ ਬਾਰੇ ਲਿਖੀ ਆਪਣੀ ਤਾਜ਼ਾ-ਤਰੀਨ ਗ਼ਜ਼ਲ ਸੁਣਾਈ। ਗੁਰਨਾਮ ਢਿੱਲੋਂ, ਰਜਿੰਦਰਜੀਤ, ਸੰਤੋਖ ਸਿੰਘ ਸੰਤੋਖ, ਜਗਤਾਰ ਢਾਅ, ਵਰਿੰਦਰ ਪਰਿਹਾਰ, ਅਜ਼ੀਮ ਸ਼ੇਖਰ, ਡਾ ਦਵਿੰਦਰ ਕੌਰ, ਦਲਵੀਰ ਕੌਰ, ਮੁਸ਼ਤਾਕ ਸਿੰਘ ਮੁਸ਼ਤਾਕ, ਦਰਸ਼ਨ ਬੁਲੰਦਵੀ, ਚਰਨਜੀਤ ਕੌਰ ਅਰੋੜਾ, ਜਗਤਾਰ ਢਾਅ, ਮਨਜੀਤ ਕੌਰ, ਸੁਰਿੰਦਰ ਵਿਰਦੀ, ਸੋਹਣ ਰਾਣੂੰ, ਮਨਪ੍ਰੀਤ ਬੱਧਨੀਕਲਾਂ, ਮਹਿੰਦਰਪਾਲ ਧਾਲੀਵਾਲ, ਚਮਨ ਲਾਲ ਚਮਨ, ਨੇ ਕਵਿਤਾਵਾਂ ਅਤੇ ਗਜ਼ਲਾਂ ਸੁਣਾ ਕੇ ਸਾਹਿਤਕ ਰੰਗ ਬੰਨ ਕੇ ਯਾਦਗਾਰੀ ਬਣਾਇਆ। ਸੁਰਿੰਦਰ ਵਿਰਦੀ ਨੇ ਡਾ ਜਗਤਾਰ ਦੀ ਗ਼ਜ਼ਲ 'ਹਰ ਪੈਰ ਤੇ ਸਲੀਬਾਂ ਹਰ ਮੋੜ ਤੇ ਹਨੇਰਾ' ਅਤੇ ਕਾਮਰੇਡ ਦਰਸ਼ਨ ਖਟਕੜ ਦੀ ਧੀ, ਰੂਪ ਖਟਕੜ ਨੇ ਭਰੂਣ ਹੱਤਿਆ ਬਾਰੇ ਆਪਣੇ ਪਿਤਾ ਦਾ ਗੀਤ ਤਰੰਨਮ 'ਚ ਗਾ ਕੇ ਸੁਣਾਈ। ਪਾਸ਼ ਦੀ ਯਾਦ ਵਿਚ ਅਗਲਾ ਸਮਾਗਮ ਬਰਤਾਨੀਆਂ ਦੀਆਂ ਸਾਹਿਤਕ ਸੰਸਥਾਵਾਂ ਨਾਲ ਰਲ ਕੇ ਇਸ ਤੋਂ ਵੀ ਵੱਡੇ ਪੱਧਰ ਤੇ ਮਨਾਉਣ ਦੇ ਵਿਚਾਰ ਨਾਲ ਸਮਾਗਮ ਦੀ ਸਮਾਪਤੀ ਹੋਈ। ਬ੍ਰਮਿੰਘਮ, ਵੁਲਵਰਹੈਂਪਟਨ, ਸਾਊਥਹੈਂਪਟਨ, ਪੋਰਟਸਮੱਥ ਵਰਦਿੰਗ, ਬੈੱਡਫਰਡ, ਰੈਡਿੰਗ, ਸਲੋਹ, ਈਸਟ ਲੰਡਨ, ਕੈਂਟ, ਸਾਊਥਾਲ ਆਦਿ ਸ਼ਹਿਰਾਂ ਤੋਂ ਸ਼ਿਰਕਤ ਹੋਈ। ਪ੍ਰੋਗਰਾਮ ਦੀ ਕਾਮਯਾਬੀ ਟ੍ਰਸੱਟ ਦੀ ਯੂ ਕੇ ਕਮੇਟੀ ਦੇ ਸਿਰ ਜਾਂਦੀ ਹੈ।

ਪੁਸਤਕ ਚਰਚਾ- ਜੋਰਾਵਰ ਸਿੰਘ ਬਾਂਸਲ ਦਾ ਕਹਾਣੀ ਸੰਗ੍ਰਹਿ 'ਤਰੇੜਾਂ'

ਚਰਚਾ ਕਰਤਾ -ਬਲਜਿੰਦਰ ਸੰਘਾ (1403-680-3212)
ਕਹਾਣੀ ਸੰਗ੍ਰਹਿ -ਤਰੇੜਾਂ
ਲੇਖਕ - ਜੋਰਾਵਰ ਸਿੰਘ ਬਾਂਸਲ
ਪ੍ਰਕਾਸ਼ਕ - ਚੇਤਨਾ ਪ੍ਰਕਾਸ਼ਨ ,ਪੰਜਾਬੀ ਭਵਨ,ਲੁਧਿਆਣਾ
ਮੁੱਲ -200 ਰੁਪਏ (10 ਡਾਲਰ ਕੈਨੇਡੀਅਨ)
ਜ਼ੋਰਾਵਰ ਸਿੰਘ ਬਾਂਸਲ ਪਰਵਾਸੀ ਕਹਾਣੀਕਾਰਾਂ ਵਿਚ ਬੜੀ ਜਲਦੀ ਨਾਲ ਉੱਭਰ ਰਿਹਾ ਕਹਾਣੀਕਾਰ ਹੈ,ਉਹ ਦਿਲ ਤੋਂ ਕਹਾਣੀ ਲਿਖਣੀ ਸ਼ੁਰੂ ਕਰਦਾ ਹੈ ਤੇ ਪਰਵਾਰਕ ਮਸਲਿਆਂ
ਰਾਹੀ ਲੋਕ-ਦਿਲਾਂ ਦੀ ਗੱਲ ਕਰਦਾ ਬੜੇ ਭਾਵੁਕ ਤੇ ਸੰਜੀਦਾ ਢੰਗ ਨਾਲ ਅਖੀਰ ਵੱਲ ਵੱਧਦਾ ਹੈ । ਤਰੇੜਾਂ ਉਸਦਾ ਪਲੇਠਾ ਕਹਾਣੀ ਸੰਗ੍ਰਹਿ ਹੈ ਜਿਸ ਵਿਚ ਕੁਲ 11 ਕਹਾਣੀਆਂ ਹਨ,ਪਹਿਲੀ ਕਹਾਣੀ 'ਸ਼ਾਬਸ਼ ਬੇਟਾ' ਤੋਂ ਲੈਕੇ ਅਖੀਰਲੀ ਕਹਾਣੀ ਵਾਰਿਸ ਤੱਕ ਸਾਰੀਆ ਕਹਾਣੀਆਂ ਮੁੱਖ ਤੌਰ ਤੇ ਪਰਵਾਰਕ ਮਸਲਿਆ ਤੋਂ ਸੁਰੂ ਹੁੰਦਿਆਂ ਹੋਇਆ ਸਮਾਜ ਦੇ ਕਈ ਗੰਭੀਰ ਵਿਸ਼ੇ ਬਿਆਨ ਕਰਦੀਆਂ ਹਨ ਮਸਲਨ ਪਰਵਾਰਕ ਜਿੰਦਗੀ ਦਾ ਉੱਚਾ-ਨੀਵਾਪਣ ਸਮਾਜਿਕ ਜ਼ਿੰਦਗੀ ਨੂੰ ਕਿਵੇ ਪ੍ਰਭਾਵਿਤ ਕਰਦਾ ਹੈ ,ਇਸ ਕਹਾਣੀ ਸੰਗ੍ਰਹਿ ਦੀ ਟਾਇਟਲ ਕਹਾਣੀ 'ਤਰੇੜਾਂ' ਇਸ ਤੱਥ ਨੂੰ ਬੜੇ ਸਵੇਦਨਸ਼ੀਲ ਤੇ ਮਾਨਸਿਕ ਤਰਕ ਦੇ ਅਧਾਰਿਤ ਬਿਆਨ ਕਰਦੀ ਹੈ ਕਿ ਪਰਵਾਰਕ ਜ਼ਿੰਦਗੀ ਵਿਚ ਨਿੱਕੀ-ਨਿੱਕੀ ਮਾਣ- ਮਰਿਆਦਾ,ਸਵਾ-ਅਭਿਮਾਨ,ਈਰਖਾਂ ਕਿਵੇ ਦੂਰੀਆਂ ਪੈਦਾ ਕਰਦੀ ਹੈ ਤੇ ਜੇ ਕਿਤੇ ਇਹ ਨੂੰਹ-ਸੱਸ ਦਾ ਰਿਸ਼ਤਾ ਹੋਵੇ ਤਾਂ ਇਹ ਦੂਰੀ ਕਦੇ ਨਹੀਂ ਮਿਟਦੀ । ਪਰ ਇਸ ਕਹਾਣੀ ਦਾ ਰੋਚਕ ਪੱਖ ਇਹ ਹੈ ਕਿ ਕਈ ਵਾਰ ਦੋਹਾ ਵਿਰੋਧੀ ਧਿਰਾ ਦੀ ਸਾਂਝੀ ਲੋੜ ਤੀਸਰੀ ਧਿਰ ਕੋਲ ਇਕ ਮੇਲ ਬਣਕੇ ਉੱਭਰਦੀ ਹੈ ਪਰ ਸਵਾਰਥ ਜਾਂ ਸਾਝ ਪੂਰੀ ਹੋਣ ਤੇ ਮੁੜ ਪਹਿਲਾ ਵਾਲੀ ਸਥਿਤੀ ਬਣ ਜਾਂਦੀ ਹੈ।
ਇਸ ਕਹਾਣੀ ਸੰਗ੍ਰਹਿ ਦੀ ਪਹਿਲੀ ਕਹਾਣੀ 'ਸ਼ਾਬਾਸ਼ ਬੇਟਾ' ਇਹ ਗੰਭੀਰ ਸੰਦੇਸ਼ ਦਿੰਦੀ ਹੈ ਜੋ ਕੇ ਅੱਜ ਦੇ ਸਮੇਂ ਦੀ ਪਹਿਲੀ ਲੋੜ ਹੈ ਕਿ ਮਾਪੇ ਬੱਚੇ ਦੀ ਰੁਚੀ ਪਛਾਨਣ । ਪਰ ਅੱਜ ਦੀ ਤੇਜ-ਤਰਾਰ, ਕੰਪੀਟੀਸ਼ਨ,ਈਰਖਾ ਤੇ ਰਿਸ਼ਤੇਦਾਰਾਂ ਤੇ ਆਢ-ਗੁਆਂਢ ਦੇ ਨਾਲ ਚਲਦੀ ਗੁੱਝੀ ਮੁਕਾਬਲੇਬਾਜ਼ੀ ਨਾਲ ਭਰੀ ਜ਼ਿੰਦਗੀ ਦਾ ਸ਼ਿਕਾਰ ਬੱਚੇ ਵੀ ਹੋ ਰਹੇ ਹਨ ਜੇ ਕਿਸੇ ਫੈਮਲੀ ਦੇ ਘੇਰੇ ਵਿਚ ਆਉਣ ਵਾਲ ਕੋਈ ਬੱਚਾ ਡਾਕਟਰ ,ਪਾਈਲਾਟ ਜਾਂ ਇੰਜੀਨੀਅਰ ਬਣਦਾ ਹੈ ਤੇ ਜਾਂ ਕਿਸੇ ਪਿਤਾ ਪੁਰਖੀ ਬਿਜਨਸ ਵਿਚ ਹੋਰ ਕਾਮਯਾਬੀ ਕਰਦਾ ਹੈ ਤਾਂ ਉਹ ਫੈਮਲੀ ਵੀ ਆਪਣੇ ਬੱਚੇ ਨੂੰ ਇਸੇ ਰੂਪ ਵਿਚ ਦੇਖਣ ਲੱਗਦੀ ਹੈ ਚਾਹੇ ਉਹਨਾਂ ਦੇ ਘਰ ਦੇ ਹਲਾਤ ਤੇ ਬੱਚੇ ਦੀ ਮਾਨਸਿਕ ਰੁਚੀ ਕਿਸੇ ਹੋਰ ਖੇਤਰ ਵਿਚ ਹੋਵੇ,ਹਰ ਕੋਈ ਇੰਜਨੀਅਰ ਜਾਂ ਪਾਇਲਟ ਨਹੀ ਬਣ ਸਕਦਾ ਇਸ ਤੋਂ ਬਿਨਾਂ ਵੀ ਬਹੁਤ ਖੇਤਰ ਹਨ ਜਿਸ ਵਿਚ ਬੱਚੇ ਆਪਣਾ ਤੇ ਮਾਪਿਆਂ ਦਾ ਨਾਮ ਰੋਸ਼ਨ ਕਰ ਸਕਦੇ ਹਨ। ਮੁੱਖ ਤੌਰ ਤੇ ਲੇਖਕਾਂ ਦੇ ਹੱਕ ਦੀ ਕਹਾਣੀ ਹੈ। ਕਹਾਣੀ 'ਮਹਿਕ' ਇਸ ਤੱਥ ਦੇ ਅਧਾਰਿਤ ਹੈ ਕਿ ਹਰੇਕ ਮਨੁੱਖ ਦੀ ਆਪਣੀ-ਆਪਣੀ ਮਾਨ-ਮਰਿਆਦਾ ਹੁੰਦੀ ਤੇ ਉਹ ਇਸ ਅਨੁਸਾਰ ਹੀ ਆਪਣਾ ਮਾਨ-ਸਨਮਾਨ ਕਾਇਮ ਰੱਖਣਾ ਚਾਹੁੰਦਾ ਹੈ ਤੇ ਜਦੋ ਕਿਸੇ ਦਾ ਮਾਨ-ਸਨਮਾਨ ਟੁੱਟਦਾ ਹੈ ਤਾਂ ਇੱਥੇ ਵੀ ਹਰ ਮਨੁੱਖ ਦੇ ਆਪਣੇ-ਆਪਣੇ ਅਹਿਸਾਸ ਹੁੰਦੇ ਹਨ ਤੇ ਇਹਨਾਂ ਹੀ ਅਹਿਸਾਸਾਂ ਦੀ ਗੱਲ ਕਰਦੀ ਹੈ ਕਹਾਣੀ ਮਹਿਕ,ਕਿਉਕਿ ਸਮੇਂ ਦੇ ਨਾਲ-ਨਾਲ ਕਹਾਣੀ ਕਹਿਣ ਵਿਚ ਵੀ ਤਬਦੀਲੀ ਆAੁਂਦੀ ਰਹਿੰਦੀ ਹੈ ਤੇ ਹੁਣ ਇਹ ਵੀ ਕਿਹਾ ਜਾਂਦਾ ਹੈ ਕਿ ਕਹਾਣੀ ਵਿਚ ਘਟਨਾ ਤੇ ਪਾਤਰ ਉਨਾਂ ਮਹੱਤਵ ਨਹੀਂ ਰਖਦੇ ਜਿੰਨਾਂ ਕਿ ਅਹਿਸਾਸ , ਇਹ ਕਹਾਣੀ ਵੀ ਅਹਿਸਾਸ ਤੇ ਜ਼ੋਰ ਦਿੰਦੀ ਹੈ ,ਮੇਰੇ ਹਿਸਾਬ ਨਾਲ ਏਦਾਂ ਦੀ ਕਹਾਣੀ ਲਿਖਣੀ ਬਹੁਤ ਕਠਿਨ ਹੈ ਕਿਉਕਿ ਜਿਵ -ਜਿਵੇ ਕਥਾਕਾਰਾਂ ਦਾ ਕਥਾਂ ਵਿਚ ਅਹਿਸਾਸ ਵੱਲ ਧਿਅਨ ਵਧ ਰਿਹਾ ਹੈ ਕਹਾਣੀ ਦੀ ਸਿਲ਼ਪਕਾਰੀ ਤੇ ਪਾਤਰਾਂ ਦਾ ਮਹੱਤਵ ਘਟ ਰਿਹਾ ਹੈ ਪਰ ਇਸਦੇ ਬਾਵਜ਼ੂਦ ਵੀ ਇਹ ਕਹਾਣੀ ਪਾਠਕ ਨੂੰ ਨਾਲ ਤੌਰ ਲੈਦੀ ਹੈ ।'ਉਹ ਕੌਣ ਸਨ' ਕਹਾਣੀ ਇਸ ਗੱਲ ਨੂੰ ਬੜੀ ਗੰਭੀਰਤਾ ਨਾਲ ਬਿਆਨ ਕਰਦੀ ਹੈ ਕਿ ਧਾਰਮਿਕ ਭਾਵਨਾਵਾਂ ਨਾਲ ਭੜਕਾਏ ਦੰਗੇ ਅਸਲ ਵਿਚ ਧਾਰਿਮਕ ਦੰਗੇ ਨਹੀਂ ਹੁੰਦੇ ਬਲਕਿ ਉਹ ਭੀੜ ਜੋ ਇਸ ਵਹਿਸ਼ੀਅਤ ਦਾ ਨੰਗਾ-ਨਾਚ ਨੱਚਦੀ ਹੈ ਅਸਲ ਵਿਚ ਇਨਸਾਨੀਅਤ ਵਿਰੋਧੀ ਹੁੰਦੀ ਹੈ ।ਪਰ ਇਥੇ ਇਸ ਗੱਲ ਦਾ ਅਹਿਸਾਸ ਵੀ ਹੁੰਦਾ ਹੈ ਕਿ ਕਿੰਨੀ ਤਰਾਸਦੀ ਦੀ ਗੱਲ ਹੈ ਕਿ ਕਿਸੇ ਵੀ ਧਰਮ ਦੇ ਆਗੂ ਅਜੇ ਤੱਕ ਇਹ ਗੱਲ ਮਨੁੱਖਤਾ ਦੇ ਹਿਰਦੇ ਤੇ ਨਹੀਂ ਉਲੀਕ ਸਕੇ ਕਿ ਧਰਮ ਇਨਸਾਨੀਅਤ ਦੀ ਕਦਰ ਕਰਦੇ ਹਨ ,ਹਰ ਇਨਸਾਨ ਦੇ ਖੂਨ ਦਾ ਰੰਗ ਲਾਲ ਹੈ । ਇਸੇ ਗੱਲ ਦੀ ਘਾਟ ਕਰਕੇ ਹਰ ਜਗ੍ਹਾਂ ਦੰਗੇ ਹੋ ਰਹੇ ਨੇ। ਲਾਲ ਰੰਗ ਦਾ ਖੂਨ ਧਾਰਮਿਕ ਤੌਰ ਤੇ ਕਈ ਰੰਗਾਂ ਦਾ ਬਣ ਚੁੱਕਾ ਹੈ।
'ਸੱਧਰਾ' ਕਹਾਣੀ ਸਮਾਜਿਕ ਜ਼ਿੰਮੇਵਾਰੀਆ ਦਾ ਅਹਿਸਾਸ ਹੈ ਤੇ ਇਹ ਅਹਿਸਾਸ ਜਦੋ ਜਾਗਦਾ ਹੈ ਤਾ ਮਾਨਸਿਕ ਤੌਰ ਤੇ ਟੁੱਟੇ ਰਿਸ਼ਤੇ ਵੀ ਦੁਬਾਰਾ ਅਪਣੱਤ ਨਾਲ ਭਰ ਜਾਂਦੇ ਹਨ ,ਹੋਰ ਅਨੇਕਾਂ ਨਿੱਕੇ-ਨਿੱਕੇ ਅਹਿਸਾਸਾਂ ਦੀ ਗੱਲ ਕਰਦੀ ਇਹ ਕਹਾਣੀ ਇਹ ਵੀ ਬਿਆਨ ਕਰਦੀ ਹੈ ਕਿ ਮਨੁੱਖ ਆਪਣੇ ਅਹਿਸਾਨਾਂ ਦਾ ਮੁੱਲ ਹਮੇਸ਼ਾਂ ਵੱਟਣਾ ਚਾਹੁੰਦਾ ਹੈ ਜਿਵੇ ਇਸ ਕਹਾਣੀ ਦਾ ਪਾਤਰ ਬਲਜੀਤ ਕਹਿੰਦਾ ਹੈ ' ਮੈਂ ਘਰ ਵਾਲਿਆ ਦੀ ਨਜ਼ਰ ਵਿਚ ਚੰਗਾ ਬਣਨ ਲਈ ਖੇਤਾਂ ਵਿਚ ਪਾਪਾ ਨਾਲ ਸਾਰਾ ਕੰਮ ਕਰਵਾਉਦਾ ਤੇ ਮੰਮੀ ਦੀ ਵੀ ਹਰ ਗੱਲ ਮੰਨਦਾ ਤਾਂ ਕਿ ਸਮਾਂ ਆਉਣ ਤੇ ਜਦੋਂ ਕਵਿਤਾ ਬਾਰੇ ਘਰ ਵਿਚ ਗੱਲ ਹੋਏ ਤਾਂ ਘਰ ਵਾਲੇ ਆਪਣੇ ਨੇਕ ਤੇ ਸਾਊ ਮੁੰਡੇ ਦਾ ਦਿਲ ਨਾਂ ਤੋੜਨ',ਸੋ ਮਨੁੱਖ ਦੀ ਦਿਲੀ ਲੋੜ ਜਾ ਰਿਸ਼ਤਾ ਮਨੁੱਖ ਤੋਂ ਕੀ-ਕੀ ਕਰਵਾਉਦਾ ਹੈ ਇਹ ਇਸ ਕਹਾਣੀ ਵਿਚ ਬਹੁਤ ਬਰੀਕੀ ਨਾਲ ਬਿਆਨ ਕੀਤਾ ਗਿਆ ਹੈ,ਅਸਲ ਵਿਚ ਇਹ ਕਹਾਣੀ ਸਮਾਜਿਕ ਰਿਸ਼ਤਿਆ ਦੇ ਉਸ ਪੱਖ ਦੀ ਕਹਾਣੀ ਹੈ ਜਦੋਂ ਮਨੁੱਖ ਦੇ ਹਿਰਦੇ ਵਿਚ ਦਿਲ ਦੇ ਰਿਸ਼ਤੇ ਸਮੇਂ ਦੇ ਬਦਲਣ ਨਾਲ ਬਦਲ ਤਾਂ ਨਹੀਂ ਸਕਦੇ ਪਰ ਉਹਨਾਂ ਨੂੰ ਛੱਡਣ ਦਾ ਇਰਾਦਾ ਖੁਦ ਉਸ ਦਿਲ ਦੁਆਰਾ ਕੀਤਾ ਜਾਂਦਾ ਹੈ ਜੋ ਕਦੇ ਉਹਨਾਂ ਰਿਸ਼ਤਿਆਂ ਨੂੰ ਨਿਭਾਉਣ ਲਈ ਆਪਾ ਵਾਰਨ ਦੀ ਹਾਮੀ ਭਰਦਾ ਹੈ।ਇਹ ਕਹਾਣੀ ਅਸਲ ਵਿਚ ਪਿਆਰ ਦੇ ਸ਼ੁਦਾਈ ਲੋਕਾਂ ਦੇ ਦਿਲ ਨੂੰ ਹਿੱਟ ਕਰਦੀ ਕਹਾਣੀ ਹੈ ਤੇ ਸਮਾਜ ਨਾਲ ਸਮਝੋਤਾ ਹੈ,ਯਥਾਰਥ ਦਾ ਪ੍ਰਭਾਵ ਹੋਣ ਕਰਕੇ ਯਥਾਰਥਵਾਦੀ ਕਹਾਣੀ ਹੈ।
'ਵਾਰਿਸ' ਕਹਾਣੀ ਇਸ ਪਦਾਰਥਵਾਦੀ ਤੇ ਤੇਜ-ਤਰਾਰ ਯੁੱਗ ਵਿਚ ਭੱਜ ਰਹੇ ਲੋਕਾਂ ਦੇ ਚਿੱਟੇ ਹੋ ਰਹੇ ਖੂਨ ਦੀ ਗੱਲ ਕਰਦੀ ਹੈ ਤੇ ਨਾਲ ਹੀ ਇਸਦਾ ਵਿਰੋਧਾਭਾਸ ਸਿਰਜਦੀ ਹੋਈ ਬਰਾਬਰ ਲਾਲ ਰੰਗ ਦੇ ਖੂਨ ਦੀ ਹਾਜਰæੀ ਲਵਾਉਦੀ ਹੈ,ਸਮੇਂ ਦੇ ਨਾਲ ਬਹੁਤ ਕੁਝ ਬਦਲ ਰਿਹਾ ਹੈ ਤੇ ਹੁਣ ਪੰਜਾਬ ਦੇ ਪਿੰਡਾਂ ਦੇ ਵੀ ਹਲਾਤ ਇਹ ਹਨ ਕਿ ਵੱਡੇ-ਵੱਡੇ ਪਰਿਵਾਰ ਖਤਮ ਹੋ ਗਏ ਹਨ ਬਜੁਰਗਾਂ ਦੀ ਝੇਪ ਤੇ ਉਹਨਾਂ ਦਾ ਆਦਰ-ਮਾਨ ਕਰਨਾ ਤਾਂ ਦੂਰ ਦੀ ਗੱਲ ਬੱਚੇ ਪੈਰਾਂ ਤੇ ਖੜੇ ਹੁੰਦਿਆਂ ਹੀ ਉਹਨਾਂ ਨੂੰ ਆਪਣੇ ਤੇ ਬੋਝ ਸਮਝਣ ਲੱਗ ਜਾਂਦੇ ਹਨ ਇਸੇ ਸਥਿਤੀ ਨੂੰ ਸਿਰਜਦੀ ਹੈ ਇਹ ਕਹਾਣੀ, ਜਦੋਂ ਕੋਈ ਪੁੱਤਰ ਆਪਣੇ ਬਜ਼ੁਰਗ ਬਾਪ ਨੂੰ ਆਥਣ ਦੇ ਸਮੇਂ ਇਕ ਬੱਸ ਵਿਚ ਬਿਠਾਕੇ ਉੱਥੋ ਖਿਸਕ ਜਾਂਦਾ ਹੈ,ਉਸੇ ਬੱਸ ਵਿਚ ਸਵਾਰ ਕਹਾਣੀ ਦੀ ਨਾਇਕਾ ਸਿਮਰਨ ਉਸ ਬਜ਼ੁਰਗ ਨੂੰ ਆਪਣੇ ਘਰ ਲੈ ਆਉਂਦੀ ਹੈ, ਪਰ ਕਹਾਣੀ ਦਾ ਮੈਸੇਜ ਥੋੜਾ ਦਬ ਜਾਂਦਾ ਹੈ ਜਦੋਂ ਸਿਮਰਨ ਉਸ ਬਜੁæਰਗ ਨੂੰ ਆਪਣੇ ਮੋਏ ਹੋਏ ਪਾਪਾ ਦੇ ਰੂਪ ਵਿਚ ਦੇਖਦੀ ਹੈ ਤੇ ਇਸ ਤਰ੍ਹਾਂ ਅਹਿਸਾਸ ਹੁੰਦਾ ਹੈ ਕਿ ਮਨੁੱਖ ਦਾ ਖੂਨ ਅੱਜ ਦੇ ਯੁੱਗ ਵਿਚ ਉਦੋ ਹੀ ਲਾਲ ਬਣਦਾ ਹੈ ਜਦੋਂ ਉਸ ਤੋਂ ਕੋਈ ਕੀਮਤੀ ਚੀਜ਼ ਜਾਂ ਰਿਸ਼ਤਾ ਹਮੇਸ਼ਾਂ ਲਈ ਖੁੱਸ ਜਾਂਦਾ ਹੈ ਤੇ ਫਿਰ ਮਨੁੱਖੀ ਮਨ ਉਸਦਾ ਵਿਕਲਪ ਲੱਭਦਾ ਉਸੇ ਤਰਾਂ ਦੇ ਕਿਸੇ ਹੋਰ ਰਿਸ਼ਤੇ ਜਾਂ ਵਸਤੂ ਨਾਲ ਸਾਂਝ ਬਣਾਉਣੀ ਚਾਹੁੰਦਾ ਹੈ,ਤੇ ਸਿਮਰਨ ਦਾ ਚੰਗਾਪਣ,ਦਇਆ ਤੇ ਇਨਸਾਨੀਅਤ ਇਸ ਸ਼ੱਕ ਦੇ ਘੇਰੇ ਵਿਚ ਆ ਜਾਂਦੀ ਹੈ ਕਿ ਜੇਕਰ ਉਸਦਾ ਪਿਤਾ ਜਿਉਦਾਂ ਹੁੰਦਾ ਫਿਰ ਵੀ ਉਹ ਉਸ ਬਜੁæਰਗ ਨੂੰ ਆਪਣੇ ਬਾਪ ਦੇ ਰੂਪ ਵਿਚ ਦੇæਖਦੀ ,ਕਹਾਣੀ ਹੋਰ ਵੀ ਵਧੀਆ ਬਣ ਜਾਣੀ ਸੀ ਜੇਕਰ ਉਸਦਾ ਪਿਤਾ ਵੀ ਜਿਉਦਾ ਹੁੰਦਾ ਤੇ ਬਰਾਬਰ ਬੈਠਾ ਹੁੰਦਾ ,ਪਰ ਨਿੱਜੀ ਤੌਰ ਤੇ ਮੈਨੁੰ ਇਹ ਕਹਾਣੀ ਸਰਬੋਤਮ ਕਹਾਣੀ ਲੱਗਦੀ ਹੈ ਕਿਉਕਿ ਇਨਸਾਨੀਅਤ ਦਾ ਇਕ ਲਾਲ ਖੂਨ ਦਿਖਾਉਣ ਦੀ ਕੋਸ਼ਿਸ਼ ਹੈ ਚਾਹੇ ਉਹ ਕਿਸੇ ਨਾ ਕਿਸੇ ਢੰਗ ਨਾਲ ਨਿੱਜੀ ਲੋੜਾਂ ਜਾ ਥੁੜਾਂ ਨਾਲ ਜੁੜਿਆ ਹੋਇਆ ਹੈ,ਕਹਾਣੀ ਯਥਾਰਥਵਾਦੀ ਹੈ ਤੇ ਅੱਜ ਦੇ ਯੁੱਗ ਦੇ ਪਰਵਾਰਕ ਰਿਸ਼ਤਿਆਂ ਦੀ ਟੁੱਟ-ਭੱਜ ਤੇ ਮਾਪਿਆਂ ਦੇ ਬੱਚਿਆ ਵੱਲੋਂ ਤੇ ਬੱਚਿਆਂ ਦੇ ਮਾਪਿਆ ਵੱਲੋਂ ਹੋਏ ਸੋæਸ਼ਣ ਦਾ ਇਕ ਅੱਖਾਂ ਨਮ ਕਰਨ ਵਾਲਾ ਚਿਤਰਨ ਪੇਸ਼ ਕਰਦੀ ਹੈ ।ਜਦੋਂ ਹਰ ਮਨੁੱਖ ਦੀ ਮਨੋਦਿਸ਼ਾਂ ਕਈ ਪਾਸਿਆ ਤੋਂ ਹਿਟ ਹੋ ਰਹੀ ਹੈ ਉਹ ਸਮਾਜਿਕ ਵੀ ਹਨ,ਮਾਨਸਿਕ ਵੀ ਹਨ ਤੇ ਆਰਥਿਕ ਵੀ ਹਨ,ਕਈ ਵਾਰ ਅਸੀ ਚਾਹੁੰਦੇ ਹੋਏ ਵੀ ਕਿਸੇ ਲੋੜਵੰਦ ਦੀ ਮਦਦ ਤੋਂ ਪਾਸਾ ਵੱਟ ਲੈæਦੇ ਹਾ ਕਿAਕਿ ਉਪਰ ਲਿਖੇ ਹਲਾਤ ਹੋਣ ਕਰਕੇ ਅਸੀ ਚਾਹੁੰਦੇ ਹੋਏ ਵੀ ਮਦਦ ਨਹੀਂ ਕਰ ਸਕਦੇ ਪਰ ਅਸਲ ਵਿਚ ਇਹ ਹਲਾਤ ਅੱਜ ਦੇ ਮੁਕਾਬਲੇ ਭਰੇ ਤੇ ਪਦਾਰਥਵਾਦੀ ਯੁੱਗ ਦੀ ਦੇਣ ਹਨ।
ਅਸਲ ਵਿਚ ਜ਼ੋਰਾਵਰ ਸਿੰਘ ਬਾਂਸਲ ਦੀ ਇਸ ਕਿਤਾਬ ਦੀਆ ਸਭ ਕਹਾਣੀਆਂ ਹੀ ਚਰਚਾ ਕਰਨਯੋਗ ਹਨ,ਉਸ ਕੋਲ ਸ਼ਬਦਾਵਲੀ ਦੀ ਕਮੀ ਨਹੀਂ ਹੈ ਤੇ ਹਰ ਇਕ ਕਹਾਣੀ ਵਿਚ ਉਸ ਵੱਲੋਂ ਕੀਤੇ ਵਿਖਿਆਨ ਪਾਠਕਾਂ ਦਾ ਧਿਅਨ ਮੱਲੋ-ਮੱਲੀ ਖਿੱਚਦੇ ਹਨ । ਜਿਵੇ ਕਹਾਣੀ 'ਸ਼ਾਬਸ਼ ਬੇਟਾ' ਵਿਚ 'ਕੁਦਰਤ ਦਾ ਨਿਯਮ ਹੈ ਕਿ ਹਰ ਸ਼ੈਅ ਨੂੰ ਵੱਧਣ-ਫੁੱਲਣ ਲਈ ਖੁੱਲ੍ਹੀ ਹਵਾ ਦੀ ਲੋੜ ਹੁੰਦੀ ਹੈ,ਚਾਹੇ ਉਹ ਰੁੱਖ ਹੋਵੇ ਜਾਂ ਮਨੁੱਖ' ਕਹਾਣੀ 'ਮਹਿਕ' ਵਿਚ 'ਜਦ ਇਨਸਾਨ ਦੇ ਅੰਦਰ ਦਾ ਮੌਸਮ ਪੱਤਝੜ ਵਿਚ ਹੋਵੇ ਤਾਂ ਸਾਰੇ ਜ਼ਮਾਨੇ ਦੀਆਂ ਬਹਾਰਾਂ ਵੀ ਉਸਦਾ ਮਨ ਨਹੀਂ ਮੋਹ ਸਕਦੀਆਂ' 'ਸੱਧਰਾਂ' ਕਹਾਣੀ ਵਿਚ 'ਅੱਜ ਜਦੋਂ ਮੈ ਘਰ ਆਇਆ ਤਾਂ ਕਿੰਨੀ ਉਦਾਸੀ,ਕਿੰਨਾ ਹਨੇਰਾ ਸੀ ਸ਼ਾਇਦ ਬਿਜਲੀ ਚਲੀ ਗਈ ਸੀ ਪਰ ਬੁਝਿਆ ਦਿਲਾਂ ਨੂੰ ਰੋਸ਼ਨੀ ਕਰਨ ਦੀ ਜਾਂਚ ਹੀ ਨਹੀਂ ਰਹੀ ਸੀ' 'ਵਾਰਿਸ'ਕਹਾਣੀ ਵਿਚ 'ਬਿਨਾਂ ਸੁਆਦ ਦੇ ਜੀਣਾ ਜਾਣੀ ਜੂਨ ਭੋਗਣ ਵਾਲੀ ਗੱਲ ਏ' । ਉਸਦੀਆਂ ਕਹਾਣੀਆਂ ਇਕ ਵਧੀਆ ਸਮਾਜ ਸਿਰਜਣ ਦੀ ਸਮੱਰਥਾ ਰੱਖਦੀਆਂ ਹਨ,ਤੇ ਬਹੁਤੀਆ ਕਹਾਣੀਆ ਪੜ੍ਹਦਿਆਂ ਇੰਝ ਲੱਗਦਾ ਹੈ ਜਿਵੇ ਉਹ ਖੁਦ ਇਹਨਾਂ ਹਲਾਤਾਂ ਵਿਚੋæ ਲੰਘਿਆ ਹੋਵੇ ,ਵਧੀਆ ਇਨਸਾਨ ਹੋਣ ਕਰਕੇ ਉਹ ਪਾਤਰਾਂ ਦੇ ਸਿਰ ਤੇ ਖੜਾ ਦਿਖਾਈ ਦਿੰਦਾ ਹੈ ਹਰ ਇਕ ਕਹਾਣੀ ਨੂੰ ਪੌਜੇਟਿਵ ਕਰਦਾ ਹੈ ਬੇਸ਼ਕ ਇਹ ਅਸਲ ਲਾਈਫ ਵਿਚ ਹਮੇਸ਼ਾਂ ਨਹੀਂ ਹੁੰਦਾ। ਪਰ ਇਹ ਸਭ ਕੁਝ ਉਹ ਜਾਣ-ਬੁੱਝਕੇ ਕਰਦਾ ਦਿਖਾਈ ਦਿੰਦਾ ਹੈ ਤਾਂ ਕਿ ਇਕ ਵਧੀਆ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ, ਹਰ ਇਕ ਦੀਆ ਇਸ਼ਾਵਾਂ ਪੂਰੀਆ ਹੋਣ, ਤਾਂ ਹੀ ਤਾਂ ਲੱਗਦਾ ਹੈ ਕਿ ਉਹ ਦਿਲ ਤੋਂ ਲਿਖਦਾ ਹੈ ਹਰ ਕਹਾਣੀ,ਉਹ ਪਾਤਰ ਨੂੰੁ ਬਹੁਤਾ ਤੜਫਦਾ ਨਹੀਂ ਦੇਖ ਸਕਦਾ ਤੇ ਬਹੁਤੀ ਵਾਰ ਉਸਦਾ ਪੱਖ ਪੂਰਦਾ ਕਹਾਣੀ ਦੇ ਅਖੀਰ ਵੱਲ ਵੱਧਦਾ ਹੈ,ਮੈਂ ਉਸਦੇ ਇਸ ਕਹਾਣੀ ਸੰਗ੍ਰਹਿ 'ਤਰੇੜਾਂ' ਨੂੰ ਸਹਿਤ ਜਗਤ ਵਿਚ ਜੀ ਆਇਆ ਆਖਦਾ ਹਾਂ । ਸਹਿਤ ਤੇ ਸੰਸਾਰਿਕ ਸਮਾਜ ਨੂੰ ਉਸਤੋਂ ਹੋਰ ਬਹੁਤ ਵੱਡੀਆਂ ਆਸਾਂ ਹਨ,ਤੇ ਉਮੀਦ ਹੈ ਕਿ ਉਹ ਕਹਾਣੀ ਸੰਸਾਰ ਨਾਲ ਨਿਆਂ ਕਰਦਾ ਨਵੇਂ ਰਾਹ ਪੈਦਾ ਕਰੇਗਾ,ਜਿਸ ਤੇ ਆਉਣ ਵਾਲੇ ਕਹਾਣੀਕਾਰ ਚੱਲਣਾ ਪਸੰਦ ਕਰਨਗੇ ।

Sunday 25 September 2011

ਇੰਗਲੈਂਡ ਦੌਰੇ ਦੌਰਾਨ ਗਾਇਕ ਮੰਗੀ ਮਾਹਲ, ਹਰਜੀਤ ਹਰਮਨ ਤੇ ਜੀਤ ਜਗਜੀਤ ਨੇ ਸੰਗੀਤਕ ਮਿਲਣੀ ਦੌਰਾਨ ਕਲਾ ਦੇ ਰੰਗ ਬਿਖੇਰੇ।

ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) ਬੀਤੇ ਦਿਨੀਂ ਇੰਗਲੈਂਡ ਦੌਰੇ 'ਤੇ ਆਏ ਗਾਇਕ ਮੰਗੀ ਮਾਹਲ, ਹਰਜੀਤ ਹਰਮਨ ਅਤੇ ਜੀਤ ਜਗਜੀਤ ਦਾ ਇੰਗਲੈਡ ਦੇ ਸੁਹਿਰਦ ਸੰਗੀਤ ਪ੍ਰੇਮੀਆਂ ਨੇ ਭਰਵਾਂਸਵਾਗਤ ਕੀਤਾ। ਹੇਜ਼ ਦੇ ਸਪਰਿੰਗਫੀਲਡ ਰੋਡ ਸਥਿਤ "ਸੇਫਟੈੱਕ ਹਾਊਸ" ਦੇ ਮੈਨੇਜਿੰਗ ਡਾਇਰੈਕਟਰ ਸਰਬਜੀਤ ਸਿੰਘ ਗਰੇਵਾਲ ਅਤੇ ਗਾਇਕ ਹਰਵਿੰਦਰ ਥਰੀਕੇ ਦੀ ਅਗਵਾਈ ਵਿੱਚ ਵਿਸ਼ੇਸ਼ ਸਾਹਿਤਕ ਤੇ ਸੰਗਤਿਕ ਸ਼ਾਮ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਹਾਜ਼ਰੀਨ ਦੀ ਪੁਰਜ਼ੋਰ ਮੰਗ Ḕਤੇ ਮੰਗੀ ਮਾਹਲ, ਹਰਜੀਤ ਹਰਮਨ, ਜੀਤ ਜਗਜੀਤ ਨੇ ਪੰਜਾਬ ਪੰਜਾਬੀ ਤੇ ਪੰਜਾਬੀਅਤ ਦੇ ਹੱਕ Ḕਚ ਹਾਅ ਦਾ ਨਾਅਰਾ ਮਾਰਦੇ ਚੋਣਵੇਂ ਗੀਤ ਗਾ ਕੇ ਮਾਹੌਲ ਨੂੰ ਭਾਵੁਕ ਕੀਤਾ। ਆਪਣੇ ਵਿਚਾਰ ਪੇਸ਼ ਕਰਦਿਆਂ ਉਹਨਾਂ ਕਿਹਾ ਕਿ ਪ੍ਰਦੇਸਾਂ ਵਿੱਚ ਬੈਠੇ ਪੰਜਾਬੀ ਮਾਂ ਬੋਲੀ ਦੇ ਪਾਸਾਰ ਤੇ ਚੜ੍ਹਦੀ ਕਲਾ ਲਈ ਵਧੇਰੇ ਚਿੰਤਤ ਹਨ ਜਦੋਂਕਿ ਪੰਜਾਬ ਦੀਆਂ ਸਮੇਂ ਸਮੇਂ ਦੀਆਂ ਸਰਕਾਰਾਂ ਵੱਲੋਂ ਕੋਈ ਕੋਈ ਖਾਸ ਤਵੱਕੋਂ ਨਹੀਂ ਦਿੱਤੀ ਗਈ। ਇਸ ਸਮੇਂ ਹੋਰਨਾਂ ਤੋਂ ਇਲਾਵਾ ਗੀਤਕਾਰ ਕੁਲਦੀਪ ਮੱਲ੍ਹੀ, ਅਮਰੀਕ ਸਿੰਘ ਸਿੱਧੂ, ਰਣਜੀਤ ਸਿੰਘ ਸੈਂਹਭੀ, ਹਰਜਿੰਦਰ ਸਿੰਘ ਥਿੰਦ, ਤਲਵਿੰਦਰ ਸਿੰਘ ਢਿੱਲੋਂ, ਸਤਵੰਤ ਮੱਲ੍ਹੀ, ਗੁਰਮੀਤ ਸਿੰਘ ਗਿੱਲ, ਗਾਇਕ ਇੰਦਰਜੀਤ ਲੰਡਨ, ਗਾਇਕ ਬਲਦੇਵ ਬੁੱਲਟ, ਗੀਤਕਾਰ ਪਾਲੀ ਚੀਮਾ, ਸਰਮੁੱਖ ਸਿੰਘ ਗਰੇਵਾਲ ਕੈਨੇਡਾ, ਜਸ ਗਿੱਲ (ਜਸ ਟਰੈਵਲ), ਜਸਵੰਤ ਸਿੰਘ, ਸਾਧੂ ਸਿੰਘ ਗਰੇਵਾਲ ਆਦਿ ਹਾਜ਼ਰ ਸਨ। ਸਮਾਗਮ ਦੀ ਸਮਾਪਤੀ ਹਰਵਿੰਦਰ ਥਰੀਕੇ ਦੇ ਗੀਤ "ਸੁੰਨੀਆਂ ਸੁੰਨੀਆਂ ਪਿੰਡ ਤੇਰੇ ਦੀਆਂ ਰਾਹਵਾਂ" ਨਾਲ ਹੋਈ। ਮੰਚ ਸੰਚਾਲਕ ਦੇ ਫ਼ਰਜ਼ ਦਵਿੰਦਰ ਸਿੰਘ ਦੇਵਗਣ ਨੇ ਨਿਭਾਏ।