Tuesday, 28 June 2011

ਕੁਲਦੀਪ ਸਿੰਘ ਬੇਦੀ ਦਾ ਲੰਡਨ ਵਿਖੇ ਗੁਰੁ ਨਾਨਕ ਯੂਨੀਵਰਸਲ ਸੇਵਾ ਸੰਸਥਾ ਵੱਲੋਂ ਸਨਮਾਨ।

'ਜਗ ਬਾਣੀ' ਹਰ ਵਰਗ ਨੂੰ ਬਣਦਾ ਮਾਣ ਦੇਣ ਲਈ ਵਚਨਬੱਧ- ਕੁਲਦੀਪ ਸਿੰਘ ਬੇਦੀ
ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) ਰੋਜ਼ਾਨਾ 'ਜਗ ਬਾਣੀ' ਦੇ ਮੈਗਜ਼ੀਨ ਸੈਕਸ਼ਨ ਦੇ ਸੰਪਾਦਕ ਸ੍ਰ: ਕੁਲਦੀਪ ਸਿੰਘ ਬੇਦੀ ਦਾ ਲੰਡਨ ਵਿਖੇ ਭਰਵਾਂ ਸਵਾਗਤ ਕੀਤਾ ਗਿਆ। ਗੁਰੂ ਨਾਨਕ ਯੂਨੀਵਰਸਲ
ਸੇਵਾ ਸੰਸਥਾ ਵੱਲੋਂ ਸ੍ਰ: ਬੇਦੀ ਦੇ ਸਨਮਾਨ ਵਿੱਚ ਵਿਸ਼ੇਸ਼ ਸਮਾਗਮ ਦਾ ਆਯੋਜ਼ਨ ਕੀਤਾ ਗਿਆ। ਜਿਸਦੀ ਪ੍ਰਧਾਨਗੀ ਉੱਘੇ ਸ਼ਾਇਰ ਤੇ ਬਹੁ ਭਾਸ਼ਾਈ ਰੇਡੀਓ ਪੇਸ਼ਕਾਰ ਚਮਨ ਲਾਲ ਚਮਨ, ਸਾਹਿਤਕਾਰ ਡਾ: ਤਾਰਾ ਸਿੰਘ ਆਲਮ, ਚੇਅਰਮੈਨ ਜਸਵੀਰ ਸਿੰਘ ਮਠਾੜੂ, ਸ਼ਾਇਰਾ ਕੁਲਵੰਤ ਕੌਰ ਢਿੱਲੋਂ ਆਦਿ ਨੇ ਕੀਤੀ। ਸਮਾਗਮ ਦੌਰਾਨ ਚੱਲੇ ਸਾਹਿਤਕ ਦੌਰ ਵਿੱਚ ਡਾ: ਤਾਰਾ ਸਿੰਘ ਆਲਮ, ਚਮਨ ਲਾਲ ਚਮਨ, ਕੁਲਵੰਤ ਕੌਰ ਢਿੱਲੋਂ, ਗਾਇਕ ਚੰਨੀ ਸਿੰਘ, ਗਾਇਕ ਹਰਵਿੰਦਰ ਥਰੀਕੇ ਆਦਿ ਨੇ ਆਪੋ ਆਪਣੀਆਂ ਰਚਨਾਵਾਂ ਰਾਹੀਂ ਮਾਹੌਲ ਰੰਗੀਨ ਕੀਤਾ। ਇਸ ਸਮੇਂ ਸ੍ਰ: ਕੁਲਦੀਪ ਸਿੰਘ ਬੇਦੀ ਨੇ ਆਪਣੇ ਸਾਹਿਤਕ ਸਫ਼ਰ ਸੰਬੰਧੀ ਇੱਕ ਫਿਲਮ ਕਹਾਣੀ ਲੇਖਕ, ਨਾਵਲਕਾਰ, ਕਹਾਣੀ ਲੇਖਕ, ਸੰਵਾਦ ਲੇਖਕ ਅਤੇ ਜਗ ਬਾਣੀ ਵਿੱਚ ਆਪਣੀਆਂ ਸੇਵਾਵਾਂ ਬਾਰੇ ਵਿਸਥਾਰ ਪੂਰਵਕ ਹਾਜ਼ਰੀਨ ਨੂੰ ਜਾਣੂੰ ਕਰਵਾਉਂਦਿਆਂ ਕਿਹਾ ਕਿ ਲੇਖਕ ਨੂੰ ਹਰ ਪੈਰ ਉੱਤੇ ਇਮਤਿਹਾਨਾਂ ਦਾ ਸਾਹਮਣਾ ਕਰਨਾ ਕਰਨਾ ਪੈਂਦਾ ਹੈ। ਜਿਸ ਲੇਖਕ ਨੇ ਉਹਨਾਂ ਇਮਤਿਹਾਨਾਂ ਦਾ ਹੱਸ ਕੇ ਸਾਹਮਣਾ ਕਰ ਲਿਆ ਤਾਂ ਸਮਝੋ ਕਿ ਉਸ ਲੇਖਕ ਦੀ ਸੇਵਾ ਪ੍ਰਵਾਨ ਹੋ ਗਈ ਹੈ। ਪੱਤਰਕਾਰੀ ਖੇਤਰ ਦੇ ਤਜ਼ਰਬਿਆਂ ਬਾਰੇ ਉਹਨਾਂ ਕਿਹਾ ਕਿ ਉਹ ਵੇਲੇ ਪੱਤਰਕਾਰੀ ਲਈ ਬਹੁਤ ਹੀ ਕਠਿਨ ਸਨ ਜਦੋਂ ਅਜੋਕੇ ਹਾਲਾਤਾਂ ਵਾਂਗ ਤਕਨੀਕੀ ਤਰੱਕੀ ਤੋਂ ਪੱਤਰਕਾਰੀ ਵਾਂਝੀ ਸੀ। ਪੱਤਰਕਾਰੀ ਖੇਤਰ ਵਿੱਚ ਉਸਾਰੂ ਰੁਚੀਆਂ ਅਤੇ ਤਕਨੀਕੀ ਪਰਪੱਕ ਗਿਆਨ ਵਾਲੇ ਨੌਜ਼ਵਾਨਾਂ ਦਾ ਪ੍ਰਵੇਸ਼ ਕਰਨਾ ਪੰਜਾਬੀ ਪੱਤਰਕਾਰੀ ਲਈ ਸ਼ੁਭ ਸ਼ਗਨ ਹੈ। ਜਗ ਬਾਣੀ ਦਾ ਵਿਸ਼ੇਸ਼ ਜ਼ਿਕਰ ਕਰਦਿਆਂ ਉਹਨਾਂ ਕਿਹਾ ਕਿ ਜਗ ਬਾਣੀ ਲੋਕਾਂ ਦਾ ਆਪਣਾ ਅਖ਼ਬਾਰ ਹੈ ਅਤੇ ਸਮੁੱਚੀ ਜਗ ਬਾਣੀ ਟੀਮ ਹਰ ਵਰਗ, ਹਰ ਸੰਸਥਾ ਨੂੰ ਬਣਦਾ ਮਾਣ ਦੇਣ ਲਈ ਹਮੇਸ਼ਾ ਦੀ ਤਰ੍ਹਾਂ ਹੀ ਵਚਨਬੱਧ ਹੈ। ਇਸ ਸਮੇਂ ਗੁਰੁ ਨਾਨਕ ਯੂਨੀਵਰਸਲ ਸੇਵਾ ਯੂæ ਕੇæ ਦੇ ਸਮੂਹ ਮੈਂਬਰਾਨ ਵੱਲੋਂ ਸ੍ਰ: ਬੇਦੀ ਨੂੰ ਯਾਦ ਨਿਸ਼ਾਨੀ ਵੀ ਭੇਂਟ ਕੀਤੀ ਗਈ।

ਉੱਘੇ ਸਮਾਜ ਸੇਵੀ ਬੂਟਾ ਸਿੰਘ ਹਿੰਮਤਪੁਰਾ (ਡੈਨਮਾਰਕ) ਦਾ ਲੰਡਨ ਵਿਖੇ ਸਨਮਾਨ।

ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) ਬੀਤੇ ਦਿਨੀਂ ਇੰਗਲੈਂਡ ਫੇਰੀ 'ਤੇ ਆਏ ਉੱਘੇ ਸਮਾਜ ਸੇਵੀ ਬੂਟਾ ਸਿੰਘ ਹਿੰਮਤਪੁਰਾ (ਡੈਨਮਾਰਕ) ਦਾ ਇੱਕ ਸਮਾਗਮ ਦੌਰਾਨ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ। ਸਮਾਜ ਸੇਵੀ ਕਾਰਜਾਂ
ਵਿੱਚ ਉਹਨਾਂ ਵੱਲੋਂ ਪਾਏ ਜਾ ਰਹੇ ਯੋਗਦਾਨ ਬਾਰੇ ਚਾਨਣਾ ਪਾਉਂਦਿਆਂ ਗੁਰੂ ਨਾਨਕ ਯੂਨੀਵਰਸਲ ਸੇਵਾ ਯੂ. ਕੇ. ਦੇ ਆਗੂ ਡਾ: ਤਾਰਾ ਸਿੰਘ ਆਲਮ ਨੇ ਕਿਹਾ ਕਿ ਬੂਟਾ ਸਿੰਘ ਸਮਾਜ ਸੇਵਾ ਦੇ ਖੇਤਰ ਦਾ ਅਜਿਹਾ ਫਲਦਾਰ ਬੂਟਾ ਹੈ ਜਿਸਤੋਂ ਹੋਰ ਪ੍ਰਵਾਸੀ ਭਾਰਤੀਆਂ ਨੂੰ ਵੀ ਸਿੱਖਿਆ ਲੈਣੀ ਚਾਹੀਦੀ ਹੈ। ਇਸ ਸਮੇਂ ਬਰਤਾਨੀਆ ਦੇ ਪਹਿਲੇ ਏਸ਼ੀਅਨ ਮੂਲ ਦੇ ਜੱਜ ਸਰ ਮੋਤਾ ਸਿੰਘ, ਐੱਮ.ਪੀ. ਵਰਿੰਦਰ ਸ਼ਰਮਾ, ਸਾਹਿਤਕਾਰ ਬੀਬੀ ਕੈਲਾਸ਼ ਪੁਰੀ, ਮੈਗਜ਼ੀਨ ਸਾਹਿਬ ਦੇ ਸੰਪਾਦਕ ਰਣਜੀਤ ਸਿੰਘ ਰਾਣਾ, ਚੇਅਰਮੈਨ ਜਸਵੀਰ ਸਿੰਘ ਮਠਾੜੂ, ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ, ਰਾਮਗੜ੍ਹੀਆ ਸਭਾ ਦੇ ਪ੍ਰਧਾਨ ਸ਼ਮਿੰਦਰ ਸਿੰਘ, ਸ਼ਾਇਰਾ ਕੁਲਵੰਤ ਕੌਰ ਢਿੱਲੋਂ, ਗਾਇਕ ਹਰਵਿੰਦਰ ਥਰੀਕੇ ਆਦਿ ਨੇ ਬੂਟਾ ਸਿੰਘ ਡੈਨਮਾਰਕ ਨੂੰ ਖੁਸ਼ਆਮਦੀਦ ਕਹਿੰਦਿਆਂ ਯਾਦ ਨਿਸ਼ਾਨੀ ਭੇਂਟ ਕੀਤੀ। ਇਸ ਸਮੇਂ ਬੋਲਦਿਆਂ ਬੁਟਾ ਸਿੰਘ ਨੇ ਕਿਹਾ ਕਿ ਜੇ ਅਸੀਂ ਪ੍ਰਵਾਸੀ ਭਾਰਤੀ ਚਾਹੁੰਦੇ ਹਾਂ ਕਿ ਆਪਣੀ ਜਨਮ ਭੂਮੀ ਦੀ ਨੁਹਾਰ ਬਦਲੀ ਜਾਵੇ ਤਾਂ ਸਭ ਤੋਂ ਪਹਿਲਾਂ ਸਾਡਾ ਫਰਜ਼ ਬਣਦਾ ਹੈ ਕਿ ਸਾਡੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ। ਉਹਨਾਂ ਕਿਹਾ ਜਾਗਰੂਕਤਾ ਦਾ ਪਸਾਰ ਕਰਨ ਲਈ ਸਾਨੂੰ ਸਭ ਨੂੰ ਚਾਹੀਦਾ ਹੈ ਕਿ ਨਿੱਜ ਤੋਂ ਉੱਪਰ ਉੱਠ ਕੇ ਆਪੋ ਆਪਣੇ ਪਿੰਡਾਂ ਵਿੱਚ ਲਾਇਬ੍ਰੇਰੀਆਂ ਦੀ ਸਥਾਪਨਾ ਕੀਤੀ ਜਾਵੇ। ਉਹਨਾਂ ਕਿਹਾ ਕਿ ਜਾਗਰੂਕ ਹੋ ਕੇ ਹੀ ਲੋਕ ਆਪਣੀ ਅਹਿਮੀਅਤ ਜਾਨਣਗੇ।

ਗੁਰੂ ਨਾਨਕ ਯੂਨੀਵਰਸਲ ਸੇਵਾ ਯੂ.ਕੇ. ਵੱਲੋਂ ਸਾਹਿਤਕ ਮਿਲਣੀ ਦਾ ਆਯੋਜਨ।

ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) ਵਿਸ਼ਵ ਸ਼ਾਂਤੀ ਲਈ ਯਤਨਸ਼ੀਲ ਸੰਸਥਾ ਗੁਰੂ ਨਾਨਕ ਯੂਨੀਵਰਸਲ ਸੇਵਾ ਵੱਲੋਂ ਬੀਤੇ ਦਿਨੀਂ ਵਿਸ਼ਾਲ ਸਾਹਿਤਕ ਮਿਲਣੀ ਦਾ ਆਯੋਜਨ ਕੀਤਾ ਗਿਆ ਜਿਸ ਦੀ ਪ੍ਰਧਾਨਗੀ ਸਾਊਥਾਲ ਈਲਿੰਗ ਦੇ ਮੈਂਬਰ ਪਾਰਲੀਮੈਂਟ
ਸ੍ਰੀ ਵਰਿੰਦਰ ਸ਼ਰਮਾ, ਇੰਗਲੈਂਡ ਦੇ ਪਹਿਲੇ ਏਸ਼ੀਅਨ ਜੱਜ ਸਰ ਮੋਤਾ ਸਿੰਘ, ਈਲਿੰਗ ਬਾਰੋਅ ਦੇ ਸਾਬਕਾ ਮੇਅਰ ਰਾਜਿੰਦਰ ਸਿੰਘ ਮਾਨ, ਚਰਚਿਤ ਲੇਖਿਕਾ ਕੈਲਾਸ਼ ਪੁਰੀ, ਉੱਘੇ ਸਾਹਿਤਕਾਰ ਡਾ: ਸਾਥੀ ਲੁਧਿਆਣਵੀ ਨੇ ਕੀਤੀ। ਪ੍ਰਧਾਨਗੀ ਭਾਸ਼ਣ ਦੌਰਾਨ ਸੰਸਥਾ ਦੇ ਇਸ ਵਿਲੱਖਣ ਉਪਰਾਲੇ ਦੀ ਵਧਾਈ ਦਿੰਦਿਆਂ ਸ੍ਰੀ ਵਰਿੰਦਰ ਸ਼ਰਮਾ ਅਤੇ ਸਰ ਮੋਤਾ ਸਿੰਘ ਨੇ ਕਿਹਾ ਕਿ ਭਾਈਚਾਰਕ ਤੰਦਾਂ ਦੀ ਮਜ਼ਬੂਤੀ ਲਈ ਗੁਰੂ ਨਾਨਕ ਯੂਨੀਵਰਸਲ ਸੇਵਾ ਸੰਸਥਾ ਦਾ ਯੋਗਦਾਨ ਸਲਾਹੁਣਯੋਗ ਹੈ। ਇਸ ਉਪਰੰਤ ਕੈਨੇਡਾ ਤੋਂ ਪ੍ਰਕਾਸ਼ਿਤ ਹੁੰਦੇ ਮਹੀਨਾਵਾਰ ਮੈਗਜ਼ੀਨ ਦਸਤਕ ਦੇ ਆਨਰੇਰੀ ਸੰਪਾਦਕ ਗੁਰਮੇਲ ਬੌਡੇ ਦੀ ਪੁਸਤਕ 'ਸੱਚੋ ਸੱਚ ਦੱਸੀਂ ਵੇ ਜੋਗੀ', ਇੰਟਰਨੈਸ਼ਨਲ ਪੰਜਾਬੀ ਮੈਗਜ਼ੀਨ 'ਸਾਹਿਬ' ਦੇ ਸੰਪਾਦਕ ਰਣਜੀਤ ਸਿੰਘ ਰਾਣਾ ਦੀ ਇਤਿਹਾਸਕ ਖੋਜ਼ ਭਰਪੂਰ ਪੁਸਤਕ 'ਬਾਬਾ ਹਰਦਾਸ ਸਿੰਘ' ਲੋਕ ਅਰਪਿਤ ਕੀਤੀਆਂ ਗਈਆਂ। ਇਸ ਸਮੇਂ ਆਯੋਜਿਤ ਕਵੀ ਦਰਬਾਰ ਸਮੇਂ ਡਾ: ਤਾਰਾ ਸਿੰਘ ਆਲਮ, ਰਣਜੀਤ ਸਿੰਘ ਰਾਣਾ, ਪ੍ਰਸਿੱਧ ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ, ਕੈਲਾਸ਼ਪੁਰੀ, ਕੁਲਵੰਤ ਕੌਰ ਢਿੱਲੋਂ, ਨਿਰਪਾਲ ਸਿੰਘ ਸ਼ੇਰਗਿੱਲ, ਸਿਮਰ ਆਲਮ, ਗੁਰਪ੍ਰੀਤ ਆਲਮ, ਮਨਜੀਤ ਕੌਰ ਪੱਡਾ, ਦਲਬੀਰ ਸਿੰਘ ਪੱਤੜ, ਪ੍ਰਿਤਪਾਲ ਸਿੰਘ ਪੱਡਾ, ਸਤਨਾਮ ਸਿੰਘ, ਕਿਰਨ ਤ੍ਰਿਪਾਠੀ, ਹਰਵਿੰਦਰ ਥਰੀਕੇ ਆਦਿ ਨੇ ਆਪੋ ਆਪਣੀਆਂ ਰਚਨਾਵਾਂ ਰਾਹੀਂ ਹਾਜ਼ਰੀ ਭਰੀ। ਇਸ ਸਮੇਂ ਹੋਰਨਾਂ ਤੋਂ ਇਲਾਵਾ ਰਾਮਗੜ੍ਹੀਆ ਸਭਾ ਸਾਊਥਾਲ ਦੇ ਪ੍ਰਧਾਨ ਸ਼ਮਿੰਦਰ ਸਿੰਘ, ਚੇਅਰਮੈਨ ਜਸਵੀਰ ਸਿੰਘ ਮਠਾੜੂ, ਸਾਬਕਾ ਚੇਅਰਪਰਸਨ ਅਮਰਜੀਤ ਕੌਰ ਆਲਮ, ਕਹਾਣੀਕਾਰਾ ਵੀਨਾ ਵਰਮਾ, ਡੋਮੀਨੋਜ਼ ਪੀਜ਼ਾ ਦੇ ਮਾਲਕ ਜਸਵੰਤ ਸਿੰਘ ਗਰੇਵਾਲ, ਇੰਗਲੈਂਡ ਵਿੱਚ ਪੰਜਾਬੀ ਖਾਣਿਆਂ ਦੇ ਬਾਦਸ਼ਾਹ ਵਜੋਂ ਜਾਣੇ ਜਾਦੇ ਉਮਰਾਓ ਸਿੰਘ ਅਟਵਾਲ, ਸੁਖਦੇਵ ਸਿੰਘ ਔਜ਼ਲਾ, ਸੁਰਿੰਦਰ ਸਿੰਘ ਮੰਡੇਰ, ਚਰਨਜੀਤ ਸਿੰਘ ਜੁਟਲੇ, ਡਾ: ਕਰਨੈਲ ਸਿੰਘ ਕਲਸੀ, ਇੰਦਰਜੀਤ ਸਿੰਘ ਸੱਗੂ, ਹਰਜੀਤ ਸਨੀ ਸਿੱਧੂ, ਡਾ: ਹਰਸ਼ਾ ਸਿੱਧੂ, ਤਰਸੇਮ ਸਿੰਘ ਧਨੋਆ ਆਦਿ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।

ਰੋਕੋ ਕੈਂਸਰ ਬੋਰਡ ਯੂ.ਕੇ. ਵੱਲੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਧੰਨਵਾਦ।

ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) ਪੰਜਾਬ ਵਿੱਚੋਂ ਕੈਂਸਰ ਦੀ ਜੜ੍ਹ ਪੁੱਟਣ ਲਈ ਯਤਨਸ਼ੀਲ ਸੰਸਥਾ ਰੋਕੋ ਕੈਂਸਰ ਵੱਲੋਂ ਗਲੋਬਲ ਰੋਮਿੰਗ ਅੰਬੈਸਡਰ ਸ੍ਰ: ਕੁਲਵੰਤ ਸਿੰਘ ਧਾਲੀਵਾਲ ਦੀ ਅਗਵਾਈ ਵਿੱਚ ਵੱਡੀ ਪੱਧਰ ਉੱਤੇ ਯਤਨ ਆਰੰਭੇ ਹੋਏ ਹਨ। ਬੀਤੇ ਦਿਨੀਂ ਜਗ ਬਾਣੀ ਵੱਲੋਂ ਕੈਂਸਰ ਦੀ ਪੰਜਾਬ ਵਿੱਚ ਭਿਆਨਕਤਾ ਬਾਰੇ ਖ਼ਬਰ ਨੂੰ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤਾ ਸੀ। ਪੰਜਾਬ ਵਿੱਚ ਰੋਕੋ ਕੈਂਸਰ ਸੰਸਥਾ ਦੀਆਂ ਗਤੀਵਿਧੀਆਂ ਦੀ ਕਾਫੀ ਚਰਚਾ ਪਾਈ ਜਾ ਰਹੀ ਹੈ। ਜਿਸ ਦੇ ਸਿੱਟੇ ਵਜੋਂ ਪੰਜਾਬ ਦੇ ਮੁੱਖ ਮੰਤਰੀ ਸ੍ਰ: ਪ੍ਰਕਾਸ਼ ਸਿੰਘ ਬਾਦਲ ਵੱਲੋਂ ਕੈਂਸਰ ਦੀ ਲਪੇਟ ਵਿੱਚ ਆਏ ਹਰ ਉਸ ਮਰੀਜ਼ ਲਈ ਡੇਢ ਲੱਖ ਰੁਪਏ ਦੀ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ ਜਿਸਨੂੰ ਕੈਂਸਰ ਪਹਿਲੀ ਸਟੇਜ ਉੱਤੇ ਹੈ। ਪੰਜਾਬ ਰਕਾਰ ਵੱਲੋਂ ਇਸ ਐਲਾਨ ਦਾ ਸਵਾਗਤ ਕਰਦਿਆਂ ਰੋਕੋ ਕੈਂਸਰ ਬੋਰਡ ਯੂ.ਕੇ. ਵੱਲੋਂ ਗਲੋਬਲ ਰੋਮਿੰਗ ਅੰਬੈਸਡਰ ਕੁਲਵੰਤ ਸਿੰਘ ਧਾਲੀਵਾਲ ਦੀ ਪ੍ਰਧਾਨਗੀ ਵਿੱਚ ਵਿਸ਼ੇਸ਼ ਇਕੱਤਰਤਾ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਟਰੱਸਟੀ ਪੈਨੀ ਸਪੀਅਰਜ, ਸਾਰਾ ਕੇਨੇਡੀ, ਜੂਲੀਅਟ ਫੌਸਟਰ, ਟੋਨੀ ਬਾਲਡਰੀ ਮੈਂਬਰ ਪਾਰਲੀਮੈਂਟ, ਲਾਰਡ ਨਵਨੀਤ, ਡਾ: ਵੈਨਸ ਕੇਬਲ ਮੈਂਬਰ ਪਾਰਲੀਮੈਂਟ, ਡਾਨ ਬੁਟਲਰ ਮੈਂਬਰ ਪਾਰਲੀਮੈਂਟ, ਡੋਮੀਨਕ ਗਰੀਵ ਮੈਂਬਰ ਪਾਰਲੀਮੈਂਟ, ਰਿਚਰਡ ਬਰਡਨ ਮੈਂਬਰ ਪਾਰਲੀਮੈਂਟ, ਲੇਡੀ ਜਾਹੀਦਾ ਸ਼ੇਖ, ਲਾਰਡ ਖਾਲਿਦ ਹਮੀਦ ਸੀ.ਬੀ.ਈ. ਆਦਿ ਹਸਤੀਆਂ ਨੇ ਪੰਜਾਬ ਸਰਕਾਰ ਦੇ ਇਸ ਸ਼ਲਾਘਾਯੋਗ ਉਪਰਾਲੇ ਦੀ ਤਾਰੀਫ ਕੀਤੀ। ਇਸ ਸੰਬੰਧੀ ਜਗ ਬਾਣੀ ਨਾਲ ਵਿਸ਼ੇਸ਼ ਭੇਂਟ ਵਾਰਤਾ ਦੌਰਾਨ ਗੱਲਬਾਤ ਕਰਦਿਆਂ ਸ੍ਰੀ ਧਾਲੀਵਾਲ ਨੇ ਕਿਹਾ ਕਿ ਕੈਂਸਰ ਚੈੱਕਅਪ ਕੈਂਪ ਲਾਉਣ ਵੇਲੇ ਮਰੀਜ਼ਾਂ ਦੇ ਚਿਹਰੇ ਦੇਖ ਕੇ ਧਾਹ ਨਿੱਕਲ ਜਾਂਦੀ ਸੀ ਜਦੋਂ ਕੈਂਸਰ ਪੀੜਤਾਂ ਦੇ ਚਿਹਰਿਆਂ ਤੋਂ ਮੌਤ ਦਾ ਸਿਰਨਾਵਾਂ ਸਾਫ ਪੜ੍ਹਿਆ ਜਾਂਦਾ ਸੀ। ਗਰੀਬੀ ਕਾਰਨ ਲੋਕ ਆਪਣੀ ਬੀਮਾਰੀ ਦਾ ਮੁੱਢਲਾ ਇਲਾਜ਼ ਕਰਵਾਉਣੋਂ ਵੀ ਲਾਚਾਰ ਹਨ। ਸ੍ਰੀ ਧਾਲੀਵਾਲ ਨੇ ਕਿਹਾ ਕਿ ਉਹ ਆਪਣੇ ਸਹਿਯੋਗੀਆਂ ਦੀ ਮਦਦ ਨਾਲ ਅਕਤੂਬਰ ਮਹੀਨੇ ਦੇ ਆਖੀਰ ਵਿੱਚ ਮਾਲਵਾ ਖੇਤਰ 'ਚ ਸਾਰੀਆਂ ਬੀਮਾਰੀਆਂ ਦੇ ਇਲਾਜ਼ ਬਾਰੇ ਵਿਸ਼ਾਲ ਸਿਹਤ ਮੇਲੇ ਦਾ ਆਯੋਜਨ ਕਰਨ ਜਾ ਰਹੇ ਹਨ।

ਗਾਇਕ ਰਾਜ ਸੇਖੋਂ ਬਣਿਆ ਐੱਮ. ਏ. ਟੀ.ਵੀ. ਲਈ "ਰੰਗਲਾ ਪੰਜਾਬ" ਦਾ ਪੇਸ਼ਕਾਰ।


ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) ਪੰਜਾਬੀ ਗਾਇਕੀ ਵਿੱਚ ਕੈਸੇਟ "ਬੀਤੀਆਂ ਕਹਾਣੀਆਂ" ਰਾਹੀਂ ਭਰਵੀ ਹਾਜ਼ਰੀ ਲੁਆਉਣ ਵਾਲੇ ਅਤੇ 'ਜੀ ਕਰਦਾ ਰੋਟੀ ਖਾਵਾਂ ਮਾਂ ਦੇ ਹੱਥਾਂ ਦੀ' ਗੀਤ ਰਾਹੀਂ ਚਰਚਾ ਵਿੱਚ ਆਏ ਗਾਇਕ ਰਾਜ ਸੇਖੋਂ ਨੂੰ ਹੁਣ ਤੁਸੀਂ ਟੀ.ਵੀ. ਪੇਸ਼ਕਾਰ ਵਜੋਂ ਸਕਾਈ ਚੈਨਲ 793 ਐੱਮ. ਏ. ਟੀ. ਵੀ. 'ਤੇ ਹਰ ਸ਼ਨੀਵਾਰ ਰਾਤ 8:15 ਤੋਂ 9:15 ਤੱਕ ਪ੍ਰੋਗ੍ਰਾਮ "ਰੰਗਲਾ ਪੰਜਾਬ" 'ਚ ਦੇਖ ਸਕੋਗੇ। ਇਸ ਸੰਬੰਧੀ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਗਾਇਕ ਤੇ ਪੇਸ਼ਕਾਰ ਰਾਜ ਸੇਖੋਂ ਨੇ ਕਿਹਾ ਕਿ ਬਲੂ ਹੌਰਸ ਹੀਟਿੰਗ ਸਪਲਾਈਜ ਲਿਮ: ਦੇ ਮਾਲਕ ਗੁਰਮੀਤ ਸਿੰਘ ਗਿੱਲ (ਨੱਥੂਵਾਲਾ ਜਦੀਦ) ਅਤੇ ਪਰਮਜੀਤ ਸਿੰਘ ਗਿੱਲ ਦੀ ਪ੍ਰੇਰਨਾ ਸਦਕਾ 18 ਜੂਨ ਤੋਂ ਸ਼ੁਰੂ ਹੋਣ ਜਾ ਰਹੇ ਪ੍ਰੋਗ੍ਰਾਮ ਵਿੱਚ ਹਰ ਖੇਤਰ ਵਿੱਚ ਨਾਮਣਾ ਖੱਟਣ ਵਾਲੀਆਂ ਹਸਤੀਆਂ ਨੂੰ ਦਰਸ਼ਕਾਂ ਦੇ ਰੂਬਰੂ ਕਰਵਾਇਆ ਜਾਵੇਗਾ।