Monday, 26 September 2011

ਬਲਬੀਰ ਦੱਤ ਯਾਦਗਾਰੀ ਸਮਾਗਮ ਵਿੱਚ ਵਲੈਤ ਭਰ ਦੇ ਸੰਗੀਆਂ ਸਾਥੀਆਂ ਨੇ ਹਿੱਸਾ ਲਿਆ।

ਬੈੱਡਫੋਰਡ (ਯੂ ਕੇ) ਬਲਬੀਰ ਦੱਤ ਯਾਦਗਾਰੀ ਕਮੇਟੀ ਵੱਲੋਂ ਰਵੀਦਾਸ ਕਮਿਊਨਿਟੀ ਸੈਂਟਰ ਬੈੱਡਫੋਰਡ ਵਿਖੇ 11 ਸਤੰਬਰ ਨੂੰ ਸਾਥੀ ਦੱਤ ਦੀ ਜ਼ਿੰਦਗੀ ਦਾ ਜਸ਼ਨ ਮਨਾ ਕੇ ਉਸ ਨੂੰ ਯਾਦ ਕੀਤਾ ਗਿਆ ਜਿਸ ਵਿੱਚ ਵਲੈਤ ਭਰ ਦੇ ਸੰਗੀਆਂ ਸਾਥੀਆਂ ਨੇ ਹਿੱਸਾ ਲਿਆ। ਸਾਥੀ ਦੱਤ ਅਚਾਨਕ ਪਿਛਲੇ ਸਾਲ ਸਾਥੋਂ ਵਿਛੜ ਗਏ ਸੀ।
ਬਲਬੀਰ ਦੱਤ ਯਾਦਗਾਰੀ ਸਮਾਗਮ ਦੀ ਪ੍ਰਧਾਨਗੀ ਮੰਡਲ ਵਿੱਚ ਸ੍ਰੀ ਕੁਲਦੀਪ ਸਿੰਘ ਰੂਪਰਾ ਤੇ ਸ੍ਰੀ ਸਤ ਪੌਲ ਨੇ ਕੀਤੀ ਤੇ ਮੰਚ ਸੰਚਾਲਨ ਦੀ ਜਿੰਮੇਵਾਰੀ ਸੁਖਦੇਵ ਸਿੱਧੂ ਨੇ ਨਿਭਾਈ। ਸਾਥੀ ਦੱਤ ਦੀ ਅਣਥੱਕ, ਨਿਰਪੱਖ, ਅਡੋਲ ਤੇ ਸਿਰੜੀ ਕਮਿਊਨਿਟੀ ਵਰਕਰ ਵਜੋਂ ਲਗਨ ਨੂੰ ਵੱਖ ਵੱਖ ਬੁਲਾਰਿਆਂ ਨੇ ਸ਼ਰਧਾਂਜਲੀ ਦੇ ਰੂਪ ਵਿਚ ਦੁਹਰਾਇਆ। ਸਾਥੀ ਦੱਤ ਏਨੇ ਹਰਮਨ ਪਿਆਰੇ ਸਨ ਕਿ ਹਰ ਕੋਈ ਉਨ੍ਹਾਂ ਨੂੰ ਆਪਣੇ ਹੀ ਸੱਭ ਤੋਂ ਵੱਧ ਨੇੜੇ ਸਮਝਦਾ ਹੈ।
ਸ੍ਰੀ ਰੂਪਰਾ ਹੋਰਾਂ ਮੀਟਿੰਗ ਨੂੰ ਸ਼ੁਰੂ ਕਰਦਿਆ ਬਲਬੀਰ ਦੱਤ ਨਾਲ ਮੁੱਢਲੇ ਦਿਨਾਂ ਦਾ ਜਿਕਰ ਕੀਤਾ ਕਿ ਉਜੱਲ ਦੁਸਾਝ ਹੋਰਾਂ ਨਾਲ ਰਲਕੇ ਬੈੱਡਫੋਰਡ ਚ ਯੰਗ ਇੰਡੀਅਨ ਸਭਾ ਬਣਾਈ ਸੀ। ਇਹੀ ਯੰਗ ਇੰਡੀਅਨ ਸਭਾ ਅੱਗੋਂ ਜਾ ਕੇ ਭਾਰਤੀ ਮਜ਼ਦੂਰ ਸਭਾ ਦੀ ਬਹੁਤ ਤਕੜੀ ਬਰਾਂਚ ਬਣੀ ਸੀ। ਉੱਜਲ ਦੁਸਾਝ ਕਨੇਡੇ ਜਾ ਕੇ ਉੱਚ ਪਦਵੀਆਂ ਤੇ ਰਹੇ ਤੇ ਬਲਬੀਰ ਦੱਤ ਭਾਰਤੀ ਮਜ਼ਦੂਰ ਸਭਾ (ਗ ਬ) ਦਾ ਅਸਿਸਟੈਂਟ ਜਨਰਲ ਸੈਕਟਰੀ ਬਣਿਆ। ਕਸ਼ਮੀਰ ਸਿੰਘ ਬਸਰਾ ਵਲੋਂ ਸ੍ਰੀ ਮਤੀ ਪੁਸ਼ਪਾ ਦੱਤ ਤੇ ਬਲਬੀਰ ਦੱਤ ਦੇ ਪਿਤਾ ਸ਼੍ਰੀ ਬੱਗੂ ਨੂੰ ਮਾਣ ਵਜੋਂ ਗੁਲਦਸਤੇ ਪੇਸ਼ ਕੀਤੇ ਗਏ।
ਬੈੱਡਫੋਰਡ ਦੇ ਰਹਿ ਚੁੱਕੇ ਲੇਬਰ ਐਮ ਪੀ, ਪੈਟਰਿਕ ਹਾਲ ਨੇ ਸਾਥੀ ਨੂੰ ਯਾਦ ਕਰਦਿਆਂ ਸ਼ਰੇਆਮ ਕਿਹਾ ਕਿ ਜੇ ਬਲਬੀਰ ਦੱਤ ਚਾਹੁੰਦਾ ਤਾਂ ਕਿਸੇ ਵੇਲੇ ਵੀ ਕੌਂਸਲਰ ਬਣ ਸਕਦਾ ਸੀ, ਐਮ ਪੀ ਵੀ ਬਣ ਸਕਦਾ ਸੀ ਪਰ ਓਹਨੇ ਆਪਣਾ ਜੀਵਨ ਆਮ ਲੋਕਾਂ ਦੀ ਭਲਾਈ ਤੇ ਉਸਾਰੀ ਲਈ ਹੀ ਲਾਇਆ। ਓਹ ਆਪਣੇ ਨਰਮ ਤੇ ਠੰਡੇ ਸੁਭਾਅ ਦੇ ਬਾਵਜੂਦ ਆਪਣੇ ਉਦੇਸ਼ਾਂ ਨਾਲ ਸਮਝੌਤਾ ਨਹੀਂ ਸੀ ਕਰਦਾ ਤੇ ਓਹਦੀ ਹਾਜ਼ਰੀ ਹੀ ਪ੍ਰਬੰਧਕਾਂ ਨੂੰ ਚੌਕਸ ਕਰ ਦਿੰਦੀ ਸੀ।
ਬੈੱਡਫੋਰਡ ਵਾਸੀਆਂ ਤੋ ਬਿਨਾਂ ਵੂਲਿਚ, ਈਸਟ ਲੰਡਨ, ਇਲਫੋਰਡ, ਸਾਊਥਾਲ, ਵੈਲਿੰਗਬਰੋ, ਰਸ਼ਡੰਨ, ਲੂਟਨ, ਮਿਲਟਨ ਕੀਨਜ਼, ਔਕਸਫੋਰਡ, ਬ੍ਰਮਿੰਗਮ, ਕਵੈਂਟਰੀ, ਨੱਨੀਟਨ, ਲੈਸਟਰ, ਡਰਬੀ, ਬ੍ਰਮਿੰਘਮ ਆਦਿ ਸ਼ਹਿਰਾਂ ਤੋ ਸੰਗੀਆਂ ਸਾਥੀਆਂ ਨੇ ਸਾਥੀ ਦੱਤ ਨਾਲ ਯਾਦਾਂ ਨੂੰ ਤਾਜਾ ਕੀਤਾ।ਂ
ਪੈਟਰਿਕ ਹਾਲ, ਕੌਸਲਰ ਯਾਸੀਨ ਮੁਹੰਮਦ, ਕੌਸਲਰ ਅੱਪੂ ਬਗਚੀ, ਕੌਸਲਰ ਰੈਂਡਲਫ ਚਾਰਲਜ਼, ਸਟੈਫਨੀ ਰੈਂਡਲਫ, ਮਲਕੀਤ ਸਿੰਘ ਖਿੰਡਾ, ਸਤਪਾਲ, ਪਿਆਰਾ ਭੱਟੀ, ਵੀਨਾ ਮਸੀਹ, ਡਾਕਟਰ ਸ੍ਰੀ ਨਿਵਾਸਨ, ਅਰੁਨ ਕੁਮਾਰ, ਕੁਲਦੀਪ ਰੂਪਰਾ, ਲੇਖ ਪਾਲ, ਬਲਬੀਰ ਰੱਤੂ, ਸੂਰਤ ਦੁਸਾਝ, ਸਾਥੀ ਹਰਦੇਵ ਢਿੱਲੋਂ,
ਬਲਬੀਰ ਦੱਤ ਨੇ ਪਹਿਲਾਂ ਬੈੱਡਫ਼ਰਡ ਚ ਨੌਜਵਾਨ ਮੁੰਡਿਆਂ ਦੀ ਜਥੇਬੰਦੀ ਯੰਗ ਇੰਡੀਅਨ ਬਣਾਈ। ਬਹੁਤੇ ਮੁੰਡੇ ਸਿਆਸੀ ਸੂਝ ਰੱਖਦੇ ਸੀ। ਇਨ੍ਹਾਂ ਨੇ ਟੂਰਨਾਮੈਂਟ-ਮੇਲੇ ਕਰਵਾਏ। ਫਿਰ ਬੈੱਡਫੋਰਡ ਭਾਰਤੀ ਮਜ਼ਦੂਰ ਸਭਾ ਦੀ ਚੋਟੀ ਦੀ ਬਰਾਂਚ ਬਣਾਈ। ਦਲਿੱਤਾਂ ਦੀ ਭਲਾਈ ਲਈ ਬਣਾਏ, ਦਲਿੱਤ ਮੁਕਤੀ ਅਲਾਇੰਸ ਦਾ ਲੀਡਰ ਵੀ ਰਿਹਾ। ਬੇਰੁਜ਼ਗ਼ਾਰਾਂ ਲਈ ਸੈਂਟਰ ਖੋਲ੍ਹਿਆ। ਏਸ਼ੀਅਨ ਬਜ਼ੁਰਗ਼ਾਂ ਲਈ ਸੈਂਟਰ ਖੁੱਲਵਾਇਆ। ਟਰੇਡ ਯੂਨੀਅਨ ਕੌਂਸਿਲ ਦਾ ਮੈਂਬਰ ਵੀ ਰਿਹਾ। ਨਸਲਵਾਦ ਦੇ ਖਿਲਾਫ਼ ਕਈ ਸੰਘਰਸ਼ ਕੀਤੇ।
ਬਲਬੀਰ ਦੇ ਬੈੱਡਫ਼ਰਡ ਚ ਕੀਤੇ ਕੰਮਾਂ ਦਾ ਲੇਖਾ ਵਸੀਹ ਹੈ। ਭਾਈਚਾਰੇ ਲਈ ਚਾਲੀ ਸਾਲ ਤੋਂ ਵਧੇਰੇ ਸਮਾਂ ਹਰ ਤਰ੍ਹਾਂ ਦੀ ਮੁਫ਼ਤ ਐਡਵਾਈਸ ਦਿੱਤੀ। ਲੋਕਾਂ ਦੇ ਔਖੇ ਭੀੜੇ ਵੇਲ਼ੇ ਕੰਮ ਆਇਆ। ਸੈਂਕੜੇ ਕੇਸ ਜਿੱਤੇ। ਹਜ਼ਾਰਾਂ ਪੌਂਡ ਲੋਕਾਂ ਨੂੰ ਮੁਆਵਜੇ ਵਜੋਂ ਦੁਆਏ। ਨੱਠ ਭੱਜ ਵਾਲ਼ੀ ਜ਼ਿੰਦਗ਼ੀ ਚ, ਬਹੁਤੇ ਬੰਦੇ ਆਪਣੇ ਜਨਮ ਚ ਇਕ ਜੀਵਨ ਜੋਗਾ ਕੰਮ ਹੀ ਮਸਾਂ ਕਰ ਸਕਦੇ ਹੁੰਦੇ ਨੇ। ਸਮਾਂ ਗੁਆਹ ਹੈ, ਕਿ ਦੱਤ ਨੇ ਤਿੰਨਾਂ-ਚੌਂਹ ਜਨਮਾਂ ਜਿੰਨਾ ਕੰਮ ਕਰਕੇ ਮਿਸਾਲ ਕਾਇਮ ਕੀਤੀ ਹੈ
ਚਿੰਗਾੜੀ ਨਾਟਕ ਕਲਾ ਕੇਂਦਰ ਨੇ ਸਾਥੀ ਦੱਤ ਨੂੰ ਸ਼ਰਧਾਂਜਲੀ ਵਜੋ ਗੁਰਸ਼ਰਨ ਸਿਘ ਹੋਰਾਂ ਦਾ ਨਾਟਕ ਟੋਆ ਖੇਡ ਕੇ ਕੀਤੀ। ਨਾਟਕ ਨੂੰ ਅਦਾਕਾਰੀ ਤੇ ਸੁਨੇਹੇ ਵਜੋ ਬਹੁਤ ਪਸੰਦ ਕੀਤਾ ਗਿਆ। ਇਹ ਸਾਥੀ ਦੱਤ ਦੇ ਮਨ ਪਸੰਦ ਨਾਟਕਾਂ ਵਿਚੋਂ ਸੀ। ਸੁਰਿੰਦਰ ਵਿਰਦੀ ਨੇ ਡਾ ਜਗਤਾਰ ਦੀ ਗ਼ਜ਼ਲ 'ਹਰ ਪੈਰ ਤੇ ਸਲੀਬਾਂ ਹਰ ਮੋੜ ਤੇ ਹਨੇਰਾ' ਮਹਿੰਦਰ ਮੱਟੂ ਨੇ ਸੰਤ ਰਾਮ ਉਦਾਸੀ ਦੇ ਗੀਤ ਕੇ ਸਰਧਾਜਲੀ ਪੇਸ਼ ਕੀਤੀ। ਕਸ਼ਮੀਰ ਬਸਰਾ, ਅਜੀਤ ਸਿੰਘ ਸੰਧੂ, ਸੈਦਾ ਰਾਮ ਗਰੇਵਾਲ ਤੇ ਖਰਲਵੀਰ ਨੇ ਕਵਿਤਾਵਾਂ ਪੜ੍ਹੀਆਂ, ਅਤੇ ਕਾਮਰੇਡ ਦਰਸ਼ਨ ਖਟਕੜ ਦੀ ਧੀ, ਰੂਪ ਖਟਕੜ ਨੇ ਭਰੂਣ ਹੱਤਿਆ ਬਾਰੇ ਆਪਣੇ ਪਿਤਾ ਦਾ ਗੀਤ ਤਰੰਨਮ 'ਚ ਗਾ ਕੇ ਸੁਣਾਈ। ਸੂਰਤ ਦੁਸਾਂਝ ਨੇ ਸੰਗੀਆਂ ਸਾਥੀਆਂ ਦੀ ਫਰਮਾਇਸ਼ ਤੇ ਸਾਥੀ ਬਲਬੀਰ ਦੱਤ ਦੀ ਪਸੰਦੀਦਾ ਜਗਮੋਹਨ ਜੋਸ਼ੀ ਦੀ ਨਜ਼ਮ "ਹਮ ਜੰਗ ਏ ਆਵਾਮੀ ਸੇ ਕੁਹਰਾਮ ਮਚਾ ਦੇਂਗੇ" ਤਰੁਨਮ ਚ ਗਾ ਕੇ ਪੇਸ਼ ਕੀਤੀ। ਉਰਦੂ ਦਾ ਗਿਆਤਾ ਨਾ ਹੋਣ ਦੇ ਬਾਵਜੂਦ ਬਲਬੀਰ ਦੱਤ ਇਹ ਨਜ਼ਮ ਸਟੇਜਾਂ ਤੇ ਗਾਇਆ ਕਰਦਾ ਸੀ।
ਬ੍ਰਮਿੰਘਮ ਵਾਲੇ ਸਾਥੀਆਂ ਨੇ ਪਰਾਗਰੈਸਿਵ ਕਿਤਾਬਾਂ ਦੀ ਪ੍ਰਦਰਸ਼ਰਨੀ ਲਾਈ ਤੇ ਪ੍ਰੋਗਰਾਮ ਤੋਂ ਬਾਅਦ ਭੋਜਨ ਦਾ ਪ੍ਰਬੰਧ ਕੀਤਾ ਗਿਆ ਸੀ। ਪਰੋਗਰਾਮ ਦੀ ਕਾਮਯਾਬੀ ਲਈ ਬਲਬੀਰ ਦੱਤ ਯਾਦਗਾਰੀ ਕਮੇਟੀ ਤੇ ਖਾਸ ਕਰਕੇ ਕੁਲਦੀਪ ਸਿੰਘ ਰੂਪਰਾ, ਰਜਿੰਦਰ ਬੱਧਨ, ਨਿਰਮਲ ਸੋਂਧੀ, ਸਤਪਾਲ, ਸੁਖਦੇਵ ਸਿੱਧੂ, ਕਸ਼ਮੀਰ ਸਿੰਘ ਬਸਰਾ, ਦੇਵ ਰਣਜੀਤ ਬਾਹਰਾ, ਰਤਨਪਾਲ, ਤੀਰਥ ਧਾਰੀਵਾਲ ਆਦਿ ਦਾ ਵੱਡਮੁਲਾ ਯੋਗਦਾਨ ਹੈ।

ਇਨਕਲਾਬੀ ਕਵੀ ਪਾਸ਼ ਦੇ ਜਨਮ ਦਿਨ ਤੇ ਸਾਹਿਤਕ ਸਮਾਗਮ

ਰਿਪੋਰਟ:- ਭਾਰਤ ਭੂਸ਼ਨ
ਗਰੀਨਫੋਰਡ (ਲੰਡਨ) ਪਾਸ਼ ਯਾਦਗਾਰੀ ਕੌਮਾਂਤਰੀ ਟ੍ਰਸਟ ਦੀ ਯੂ ਕੇ ਇਕਾਈ ਵੱਲੋਂ ਇਨਕਲਾਬੀ ਕਵੀ ਪਾਸ਼ ਦੇ ਜਨਮ ਦਿਨ ਤੇ ਸਾਹਿਤਕ ਸਮਾਗਮ ਗਰੀਨਫੋਰਡ ਵਿਖੇ 10 ਸਤੰਬਰ ਨੂੰ ਕੀਤਾ ਗਿਆ
ਜਿਸ ਵਿੱਚ ਵਲੈਤ ਭਰ ਦੇ ਨਾਮਵਰ ਚਿੰਤਕਾਂ/ਸਾਹਿਤਕਾਰਾਂ ਨੇ ਹਿੱਸਾ ਲਿਆ। ਵੈਨਕੂਵਰ ਦੇ ਮਸ਼ਹੂਰ-ਤਰੀਨ, ਰੈੱਡ ਐੱਫ ਐਮ ਰੇਡੀਓ ਤੇ ਘੰਟੇ ਦਾ ਪ੍ਰੋਗਰਾਮ ਹੋਇਆ ਜਿਸ ਵਿਚ ਯੂ ਕੇ ਵਾਲੇ ਪ੍ਰੋਗਰਾਮ ਦਾ ਵਿਸੇਸ਼ ਜ਼ਿਕਰ ਡਾ ਸੁਰਿੰਦਰ ਧੰਜਲ ਹੋਰਾਂ ਨੇ ਕੀਤਾ ਤੇ ਪਰੋਗਰਾਮ ਦੀ ਕਾਮਯਾਬੀ ਲਈ ਸ਼ੁਭ ਇਛਾਵਾਂ ਭੇਜੀਆਂ।
ਸਮਾਗਮ ਦੇ ਪਹਿਲੇ ਸੈਸ਼ਨ ਦੇ ਪ੍ਰਧਾਨਗੀ ਮੰਡਲ ਵਿੱਚ ਡਾ ਅਮਰ ਜਿਓਤੀ, ਅਵਤਾਰ ਉੱਪਲ ਅਤੇ ਪੰਜਾਬ ਤੋ ਆਏ ਕਾਮਰੇਡ ਕੁਲਵੰਤ ਸੰਧੂ ਜੀ ਸੁਸ਼ੋਭਿਤ ਹੋਏ। ਅਵਤਾਰ ਉੱਪਲ ਹੋਰਾਂ ਨੇ 'ਭਾਰਤੀ ਸਮਾਜ ਚ ਇਸਤਰੀ ਦੀ ਅਵਸਥਾ' ਵਿਸ਼ੇ ਤੇ ਪਰਚਾ ਪੜ੍ਹਿਆ। ਪਹਿਲੇ ਸੈਸ਼ਨ ਦੀ ਮੰਚ ਸੰਚਾਲਕ ਦੀ ਜਿੰਮੇਵਾਰੀ ਪਾਸ਼ ਯਾਦਗਾਰੀ ਕੌਮਾਂਤਰੀ ਟਰੱਸਟ ਦੇ ਮੈਂਬਰ ਸੁਖਦੇਵ ਸਿੱਧੂ ਨੇ ਨਿਭਾਈ। ਹਾਜ਼ਿæਰ ਵਿਦਵਾਨਾਂ ਨੇ ਪਰਚੇ ਤੇ ਗੰਭੀਰ ਵਿਚਾਰ ਚਰਚਾ ਕੀਤੀ ਅਤੇ ਪਰਚੇ ਵਿੱਚ ਉਠਾਏ ਗਏ ਨੁਕਤਿਆਂ ਬਾਰੇ ਵੱਖ ਵੱਖ ਪਹਿਲੂਆਂ ਤੋਂ ਆਪਣੇ ਵਿਚਾਰ ਰੱਖੇ। ਦਲਵੀਰ ਕੌਰ, ਡਾ ਦਵਿੰਦਰ ਕੌਰ, ਹਰਜੀਤ ਅਟਵਾਲ, ਡਾ ਸਾਥੀ ਲੁਧਿਆਣਵੀ, ਸੰਤੋਖ ਸਿੰਘ ਸੰਤੋਖ, ਕੁਲਵੰਤ ਕੌਰ ਢਿੱਲੋਂ, ਦਰਸ਼ਨ ਬੁਲੰਦਵੀ, ਸ਼ੀਰਾ ਜੌਹਲ, ਮਨਜੀਤ ਕੌਰ ਪੱਡਾ, ਮੁਹਿੰਦਰਪਾਲ ਧਾਲੀਵਾਲ, ਕੇ ਸੀ ਮੋਹਨ, ਸ਼ਿਵਚਰਨ ਗਿੱਲ, ਕੌਂਸਲਰ ਰਣਜੀਤ ਧੀਰ, ਲੋਕਲ ਸੰਸਦ ਮੈਂਬਰ ਵਰਿੰਦਰ ਸ਼ਰਮਾ, ਪੰਜਾਬ ਤੋਂ ਆਏ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਦੇ ਟ੍ਰਸੱਟੀ ਕੁਲਵੰਤ ਸੰਧੂ ਨੇ ਔਰਤ ਦੀ ਮੌਜੂਦਾ ਸਥਿਤੀ ਅਤੇ ਦਰਪੇਸ਼ ਮੁਸ਼ਕਲਾਂ ਬਾਰੇ ਪੰਜਾਬ ਵਿਚ ਹੁੰਦੀਆਂ ਸਰਗਰਮੀਆਂ ਬਾਰੇ ਜਾਣਕਾਰੀ ਦਿੱਤੀ; ਉਨ੍ਹਾਂ ਨੇ ਬਾਹਰ ਬੈਠੇ ਪੰਜਾਬੀਆਂ ਵਲੋਂ ਅਜੇਹੇ ਮੁਦਿੱਆਂ ਤੇ ਕੀਤੀਆਂ ਸਰਗਰਮੀਆਂ ਦੀ ਸ਼ਲਾਘਾ ਕੀਤੀ। ਅਵਤਾਰ ਉੱਪਲ ਹੁਰਾਂ ਨੇ ਵਿਚਾਰਵਾਨਾਂ ਵੱਲੋਂ ਪਰਚੇ ਸਬੰਧੀ ਉਠਾਏ ਸਵਾਲਾਂ ਦੇ ਜਵਾਬ ਦਿੱਤੇ। ਡਾ ਅਮਰ ਜਿਓਤੀ ਨੇ ਬਹਿਸ ਨੂੰ ਸਮੇਟਦਿਆਂ ਕਈ ਨੁਕਤਿਆਂ ਨੂੰ ਹੋਰ ਵਿਸਥਾਰ ਨਾਲ ਪੇਸ਼ ਕੀਤਾ।
ਇਸ ਸੈਸ਼ਨ ਵਿਚ ਨੌਜਵਾਨ ਫਿਲਮ ਮੇਕਰ ਰਾਜੀਵ ਸ਼ਰਮਾ ਵੱਲੋਂ ਬਣਾਈ ਗੁਰਮੀਤ ਕੜਿਆਲਵੀ ਦੀ ਛੋਟੀ ਕਹਾਣੀ ਤੇ ਅਧਾਰਿਤ ਛੋਟੀ ਪੰਜਾਬੀ ਫਿਲਮ "ਆਤੂ ਖੋਜੀ" ਕੌਂਸਲਰ ਰਣਜੀਤ ਧੀਰ ਹੋਰਾਂ ਨੇ ਰਿਲੀਜ਼ ਕੀਤੀ।
ਟਰੱਸਟ ਦੇ ਮੈਂਬਰ ਸੁਖਦੇਵ ਸਿੱਧੂ ਨੇ ਪੰਜਾਬੀ ਦੇ ਪ੍ਰਸਿੱਧ ਲੇਖਕ ਉਸਤਾਦ ਚਿਰਾਗਦੀਨ ਦਾਮਨ ਦੀ ਜਨਮ ਸ਼ਤਾਬਦੀ (4 ਸਤੰਬਰ) ਦੇ ਮੌਕੇ ਤੇ ਯਾਦ ਕਰਦਿਆਂ ਉਸਤਾਦ ਦਾਮਨ ਦੀ ਜ਼ਿੰਦਗੀ ਅਤੇ ਸ਼ਾਇਰੀ ਬਾਰੇ ਵੀ ਗੱਲਾਂ ਕੀਤੀਆਂ।
ਦੂਜੇ ਦੌਰ ਵਿੱਚ ਕਵੀ ਦਰਬਾਰ ਹੋਇਆ, ਜਿਸਦੀ ਪ੍ਰਧਾਨਗੀ ਦਰਸ਼ਨ ਬੁਲੰਦਵੀ ਅਤੇ ਡਾ ਦਵਿੰਦਰ ਕੌਰ ਹੋਰਾਂ ਨੇ ਕੀਤੀ ਤੇ ਸ੍ਰੀ ਕੇ ਸੀ ਮੋਹਣ ਹੋਰਾਂ ਨੇ ਸਟੇਜ ਸਕੱਤਰ ਦੀ ਜਿੰਮੇਵਾਰੀ ਨਿਭਾਈ। ਵਲੈਤ ਦੇ ਦੂਰ ਨੇੜਿਓ ਪਹੁੰਚੇ ਪ੍ਰਮੁੱਖ ਕਵੀਆਂ ਨੇ ਭਾਗ ਲਿਆ। ਕਵੀ ਦਰਬਾਰ ਵਿੱਚ ਸਾਥੀ ਲੁਧਿਆਣਵੀ ਨੇ ਪਾਸ਼ ਨਾਲ ਬਿਤਾਏ ਪਲ ਸਾਂਝੇ ਕਰਦਿਆਂ ਪਾਸ਼ ਬਾਰੇ ਲਿਖੀ ਆਪਣੀ ਤਾਜ਼ਾ-ਤਰੀਨ ਗ਼ਜ਼ਲ ਸੁਣਾਈ। ਗੁਰਨਾਮ ਢਿੱਲੋਂ, ਰਜਿੰਦਰਜੀਤ, ਸੰਤੋਖ ਸਿੰਘ ਸੰਤੋਖ, ਜਗਤਾਰ ਢਾਅ, ਵਰਿੰਦਰ ਪਰਿਹਾਰ, ਅਜ਼ੀਮ ਸ਼ੇਖਰ, ਡਾ ਦਵਿੰਦਰ ਕੌਰ, ਦਲਵੀਰ ਕੌਰ, ਮੁਸ਼ਤਾਕ ਸਿੰਘ ਮੁਸ਼ਤਾਕ, ਦਰਸ਼ਨ ਬੁਲੰਦਵੀ, ਚਰਨਜੀਤ ਕੌਰ ਅਰੋੜਾ, ਜਗਤਾਰ ਢਾਅ, ਮਨਜੀਤ ਕੌਰ, ਸੁਰਿੰਦਰ ਵਿਰਦੀ, ਸੋਹਣ ਰਾਣੂੰ, ਮਨਪ੍ਰੀਤ ਬੱਧਨੀਕਲਾਂ, ਮਹਿੰਦਰਪਾਲ ਧਾਲੀਵਾਲ, ਚਮਨ ਲਾਲ ਚਮਨ, ਨੇ ਕਵਿਤਾਵਾਂ ਅਤੇ ਗਜ਼ਲਾਂ ਸੁਣਾ ਕੇ ਸਾਹਿਤਕ ਰੰਗ ਬੰਨ ਕੇ ਯਾਦਗਾਰੀ ਬਣਾਇਆ। ਸੁਰਿੰਦਰ ਵਿਰਦੀ ਨੇ ਡਾ ਜਗਤਾਰ ਦੀ ਗ਼ਜ਼ਲ 'ਹਰ ਪੈਰ ਤੇ ਸਲੀਬਾਂ ਹਰ ਮੋੜ ਤੇ ਹਨੇਰਾ' ਅਤੇ ਕਾਮਰੇਡ ਦਰਸ਼ਨ ਖਟਕੜ ਦੀ ਧੀ, ਰੂਪ ਖਟਕੜ ਨੇ ਭਰੂਣ ਹੱਤਿਆ ਬਾਰੇ ਆਪਣੇ ਪਿਤਾ ਦਾ ਗੀਤ ਤਰੰਨਮ 'ਚ ਗਾ ਕੇ ਸੁਣਾਈ। ਪਾਸ਼ ਦੀ ਯਾਦ ਵਿਚ ਅਗਲਾ ਸਮਾਗਮ ਬਰਤਾਨੀਆਂ ਦੀਆਂ ਸਾਹਿਤਕ ਸੰਸਥਾਵਾਂ ਨਾਲ ਰਲ ਕੇ ਇਸ ਤੋਂ ਵੀ ਵੱਡੇ ਪੱਧਰ ਤੇ ਮਨਾਉਣ ਦੇ ਵਿਚਾਰ ਨਾਲ ਸਮਾਗਮ ਦੀ ਸਮਾਪਤੀ ਹੋਈ। ਬ੍ਰਮਿੰਘਮ, ਵੁਲਵਰਹੈਂਪਟਨ, ਸਾਊਥਹੈਂਪਟਨ, ਪੋਰਟਸਮੱਥ ਵਰਦਿੰਗ, ਬੈੱਡਫਰਡ, ਰੈਡਿੰਗ, ਸਲੋਹ, ਈਸਟ ਲੰਡਨ, ਕੈਂਟ, ਸਾਊਥਾਲ ਆਦਿ ਸ਼ਹਿਰਾਂ ਤੋਂ ਸ਼ਿਰਕਤ ਹੋਈ। ਪ੍ਰੋਗਰਾਮ ਦੀ ਕਾਮਯਾਬੀ ਟ੍ਰਸੱਟ ਦੀ ਯੂ ਕੇ ਕਮੇਟੀ ਦੇ ਸਿਰ ਜਾਂਦੀ ਹੈ।

ਪੁਸਤਕ ਚਰਚਾ- ਜੋਰਾਵਰ ਸਿੰਘ ਬਾਂਸਲ ਦਾ ਕਹਾਣੀ ਸੰਗ੍ਰਹਿ 'ਤਰੇੜਾਂ'

ਚਰਚਾ ਕਰਤਾ -ਬਲਜਿੰਦਰ ਸੰਘਾ (1403-680-3212)
ਕਹਾਣੀ ਸੰਗ੍ਰਹਿ -ਤਰੇੜਾਂ
ਲੇਖਕ - ਜੋਰਾਵਰ ਸਿੰਘ ਬਾਂਸਲ
ਪ੍ਰਕਾਸ਼ਕ - ਚੇਤਨਾ ਪ੍ਰਕਾਸ਼ਨ ,ਪੰਜਾਬੀ ਭਵਨ,ਲੁਧਿਆਣਾ
ਮੁੱਲ -200 ਰੁਪਏ (10 ਡਾਲਰ ਕੈਨੇਡੀਅਨ)
ਜ਼ੋਰਾਵਰ ਸਿੰਘ ਬਾਂਸਲ ਪਰਵਾਸੀ ਕਹਾਣੀਕਾਰਾਂ ਵਿਚ ਬੜੀ ਜਲਦੀ ਨਾਲ ਉੱਭਰ ਰਿਹਾ ਕਹਾਣੀਕਾਰ ਹੈ,ਉਹ ਦਿਲ ਤੋਂ ਕਹਾਣੀ ਲਿਖਣੀ ਸ਼ੁਰੂ ਕਰਦਾ ਹੈ ਤੇ ਪਰਵਾਰਕ ਮਸਲਿਆਂ
ਰਾਹੀ ਲੋਕ-ਦਿਲਾਂ ਦੀ ਗੱਲ ਕਰਦਾ ਬੜੇ ਭਾਵੁਕ ਤੇ ਸੰਜੀਦਾ ਢੰਗ ਨਾਲ ਅਖੀਰ ਵੱਲ ਵੱਧਦਾ ਹੈ । ਤਰੇੜਾਂ ਉਸਦਾ ਪਲੇਠਾ ਕਹਾਣੀ ਸੰਗ੍ਰਹਿ ਹੈ ਜਿਸ ਵਿਚ ਕੁਲ 11 ਕਹਾਣੀਆਂ ਹਨ,ਪਹਿਲੀ ਕਹਾਣੀ 'ਸ਼ਾਬਸ਼ ਬੇਟਾ' ਤੋਂ ਲੈਕੇ ਅਖੀਰਲੀ ਕਹਾਣੀ ਵਾਰਿਸ ਤੱਕ ਸਾਰੀਆ ਕਹਾਣੀਆਂ ਮੁੱਖ ਤੌਰ ਤੇ ਪਰਵਾਰਕ ਮਸਲਿਆ ਤੋਂ ਸੁਰੂ ਹੁੰਦਿਆਂ ਹੋਇਆ ਸਮਾਜ ਦੇ ਕਈ ਗੰਭੀਰ ਵਿਸ਼ੇ ਬਿਆਨ ਕਰਦੀਆਂ ਹਨ ਮਸਲਨ ਪਰਵਾਰਕ ਜਿੰਦਗੀ ਦਾ ਉੱਚਾ-ਨੀਵਾਪਣ ਸਮਾਜਿਕ ਜ਼ਿੰਦਗੀ ਨੂੰ ਕਿਵੇ ਪ੍ਰਭਾਵਿਤ ਕਰਦਾ ਹੈ ,ਇਸ ਕਹਾਣੀ ਸੰਗ੍ਰਹਿ ਦੀ ਟਾਇਟਲ ਕਹਾਣੀ 'ਤਰੇੜਾਂ' ਇਸ ਤੱਥ ਨੂੰ ਬੜੇ ਸਵੇਦਨਸ਼ੀਲ ਤੇ ਮਾਨਸਿਕ ਤਰਕ ਦੇ ਅਧਾਰਿਤ ਬਿਆਨ ਕਰਦੀ ਹੈ ਕਿ ਪਰਵਾਰਕ ਜ਼ਿੰਦਗੀ ਵਿਚ ਨਿੱਕੀ-ਨਿੱਕੀ ਮਾਣ- ਮਰਿਆਦਾ,ਸਵਾ-ਅਭਿਮਾਨ,ਈਰਖਾਂ ਕਿਵੇ ਦੂਰੀਆਂ ਪੈਦਾ ਕਰਦੀ ਹੈ ਤੇ ਜੇ ਕਿਤੇ ਇਹ ਨੂੰਹ-ਸੱਸ ਦਾ ਰਿਸ਼ਤਾ ਹੋਵੇ ਤਾਂ ਇਹ ਦੂਰੀ ਕਦੇ ਨਹੀਂ ਮਿਟਦੀ । ਪਰ ਇਸ ਕਹਾਣੀ ਦਾ ਰੋਚਕ ਪੱਖ ਇਹ ਹੈ ਕਿ ਕਈ ਵਾਰ ਦੋਹਾ ਵਿਰੋਧੀ ਧਿਰਾ ਦੀ ਸਾਂਝੀ ਲੋੜ ਤੀਸਰੀ ਧਿਰ ਕੋਲ ਇਕ ਮੇਲ ਬਣਕੇ ਉੱਭਰਦੀ ਹੈ ਪਰ ਸਵਾਰਥ ਜਾਂ ਸਾਝ ਪੂਰੀ ਹੋਣ ਤੇ ਮੁੜ ਪਹਿਲਾ ਵਾਲੀ ਸਥਿਤੀ ਬਣ ਜਾਂਦੀ ਹੈ।
ਇਸ ਕਹਾਣੀ ਸੰਗ੍ਰਹਿ ਦੀ ਪਹਿਲੀ ਕਹਾਣੀ 'ਸ਼ਾਬਾਸ਼ ਬੇਟਾ' ਇਹ ਗੰਭੀਰ ਸੰਦੇਸ਼ ਦਿੰਦੀ ਹੈ ਜੋ ਕੇ ਅੱਜ ਦੇ ਸਮੇਂ ਦੀ ਪਹਿਲੀ ਲੋੜ ਹੈ ਕਿ ਮਾਪੇ ਬੱਚੇ ਦੀ ਰੁਚੀ ਪਛਾਨਣ । ਪਰ ਅੱਜ ਦੀ ਤੇਜ-ਤਰਾਰ, ਕੰਪੀਟੀਸ਼ਨ,ਈਰਖਾ ਤੇ ਰਿਸ਼ਤੇਦਾਰਾਂ ਤੇ ਆਢ-ਗੁਆਂਢ ਦੇ ਨਾਲ ਚਲਦੀ ਗੁੱਝੀ ਮੁਕਾਬਲੇਬਾਜ਼ੀ ਨਾਲ ਭਰੀ ਜ਼ਿੰਦਗੀ ਦਾ ਸ਼ਿਕਾਰ ਬੱਚੇ ਵੀ ਹੋ ਰਹੇ ਹਨ ਜੇ ਕਿਸੇ ਫੈਮਲੀ ਦੇ ਘੇਰੇ ਵਿਚ ਆਉਣ ਵਾਲ ਕੋਈ ਬੱਚਾ ਡਾਕਟਰ ,ਪਾਈਲਾਟ ਜਾਂ ਇੰਜੀਨੀਅਰ ਬਣਦਾ ਹੈ ਤੇ ਜਾਂ ਕਿਸੇ ਪਿਤਾ ਪੁਰਖੀ ਬਿਜਨਸ ਵਿਚ ਹੋਰ ਕਾਮਯਾਬੀ ਕਰਦਾ ਹੈ ਤਾਂ ਉਹ ਫੈਮਲੀ ਵੀ ਆਪਣੇ ਬੱਚੇ ਨੂੰ ਇਸੇ ਰੂਪ ਵਿਚ ਦੇਖਣ ਲੱਗਦੀ ਹੈ ਚਾਹੇ ਉਹਨਾਂ ਦੇ ਘਰ ਦੇ ਹਲਾਤ ਤੇ ਬੱਚੇ ਦੀ ਮਾਨਸਿਕ ਰੁਚੀ ਕਿਸੇ ਹੋਰ ਖੇਤਰ ਵਿਚ ਹੋਵੇ,ਹਰ ਕੋਈ ਇੰਜਨੀਅਰ ਜਾਂ ਪਾਇਲਟ ਨਹੀ ਬਣ ਸਕਦਾ ਇਸ ਤੋਂ ਬਿਨਾਂ ਵੀ ਬਹੁਤ ਖੇਤਰ ਹਨ ਜਿਸ ਵਿਚ ਬੱਚੇ ਆਪਣਾ ਤੇ ਮਾਪਿਆਂ ਦਾ ਨਾਮ ਰੋਸ਼ਨ ਕਰ ਸਕਦੇ ਹਨ। ਮੁੱਖ ਤੌਰ ਤੇ ਲੇਖਕਾਂ ਦੇ ਹੱਕ ਦੀ ਕਹਾਣੀ ਹੈ। ਕਹਾਣੀ 'ਮਹਿਕ' ਇਸ ਤੱਥ ਦੇ ਅਧਾਰਿਤ ਹੈ ਕਿ ਹਰੇਕ ਮਨੁੱਖ ਦੀ ਆਪਣੀ-ਆਪਣੀ ਮਾਨ-ਮਰਿਆਦਾ ਹੁੰਦੀ ਤੇ ਉਹ ਇਸ ਅਨੁਸਾਰ ਹੀ ਆਪਣਾ ਮਾਨ-ਸਨਮਾਨ ਕਾਇਮ ਰੱਖਣਾ ਚਾਹੁੰਦਾ ਹੈ ਤੇ ਜਦੋ ਕਿਸੇ ਦਾ ਮਾਨ-ਸਨਮਾਨ ਟੁੱਟਦਾ ਹੈ ਤਾਂ ਇੱਥੇ ਵੀ ਹਰ ਮਨੁੱਖ ਦੇ ਆਪਣੇ-ਆਪਣੇ ਅਹਿਸਾਸ ਹੁੰਦੇ ਹਨ ਤੇ ਇਹਨਾਂ ਹੀ ਅਹਿਸਾਸਾਂ ਦੀ ਗੱਲ ਕਰਦੀ ਹੈ ਕਹਾਣੀ ਮਹਿਕ,ਕਿਉਕਿ ਸਮੇਂ ਦੇ ਨਾਲ-ਨਾਲ ਕਹਾਣੀ ਕਹਿਣ ਵਿਚ ਵੀ ਤਬਦੀਲੀ ਆAੁਂਦੀ ਰਹਿੰਦੀ ਹੈ ਤੇ ਹੁਣ ਇਹ ਵੀ ਕਿਹਾ ਜਾਂਦਾ ਹੈ ਕਿ ਕਹਾਣੀ ਵਿਚ ਘਟਨਾ ਤੇ ਪਾਤਰ ਉਨਾਂ ਮਹੱਤਵ ਨਹੀਂ ਰਖਦੇ ਜਿੰਨਾਂ ਕਿ ਅਹਿਸਾਸ , ਇਹ ਕਹਾਣੀ ਵੀ ਅਹਿਸਾਸ ਤੇ ਜ਼ੋਰ ਦਿੰਦੀ ਹੈ ,ਮੇਰੇ ਹਿਸਾਬ ਨਾਲ ਏਦਾਂ ਦੀ ਕਹਾਣੀ ਲਿਖਣੀ ਬਹੁਤ ਕਠਿਨ ਹੈ ਕਿਉਕਿ ਜਿਵ -ਜਿਵੇ ਕਥਾਕਾਰਾਂ ਦਾ ਕਥਾਂ ਵਿਚ ਅਹਿਸਾਸ ਵੱਲ ਧਿਅਨ ਵਧ ਰਿਹਾ ਹੈ ਕਹਾਣੀ ਦੀ ਸਿਲ਼ਪਕਾਰੀ ਤੇ ਪਾਤਰਾਂ ਦਾ ਮਹੱਤਵ ਘਟ ਰਿਹਾ ਹੈ ਪਰ ਇਸਦੇ ਬਾਵਜ਼ੂਦ ਵੀ ਇਹ ਕਹਾਣੀ ਪਾਠਕ ਨੂੰ ਨਾਲ ਤੌਰ ਲੈਦੀ ਹੈ ।'ਉਹ ਕੌਣ ਸਨ' ਕਹਾਣੀ ਇਸ ਗੱਲ ਨੂੰ ਬੜੀ ਗੰਭੀਰਤਾ ਨਾਲ ਬਿਆਨ ਕਰਦੀ ਹੈ ਕਿ ਧਾਰਮਿਕ ਭਾਵਨਾਵਾਂ ਨਾਲ ਭੜਕਾਏ ਦੰਗੇ ਅਸਲ ਵਿਚ ਧਾਰਿਮਕ ਦੰਗੇ ਨਹੀਂ ਹੁੰਦੇ ਬਲਕਿ ਉਹ ਭੀੜ ਜੋ ਇਸ ਵਹਿਸ਼ੀਅਤ ਦਾ ਨੰਗਾ-ਨਾਚ ਨੱਚਦੀ ਹੈ ਅਸਲ ਵਿਚ ਇਨਸਾਨੀਅਤ ਵਿਰੋਧੀ ਹੁੰਦੀ ਹੈ ।ਪਰ ਇਥੇ ਇਸ ਗੱਲ ਦਾ ਅਹਿਸਾਸ ਵੀ ਹੁੰਦਾ ਹੈ ਕਿ ਕਿੰਨੀ ਤਰਾਸਦੀ ਦੀ ਗੱਲ ਹੈ ਕਿ ਕਿਸੇ ਵੀ ਧਰਮ ਦੇ ਆਗੂ ਅਜੇ ਤੱਕ ਇਹ ਗੱਲ ਮਨੁੱਖਤਾ ਦੇ ਹਿਰਦੇ ਤੇ ਨਹੀਂ ਉਲੀਕ ਸਕੇ ਕਿ ਧਰਮ ਇਨਸਾਨੀਅਤ ਦੀ ਕਦਰ ਕਰਦੇ ਹਨ ,ਹਰ ਇਨਸਾਨ ਦੇ ਖੂਨ ਦਾ ਰੰਗ ਲਾਲ ਹੈ । ਇਸੇ ਗੱਲ ਦੀ ਘਾਟ ਕਰਕੇ ਹਰ ਜਗ੍ਹਾਂ ਦੰਗੇ ਹੋ ਰਹੇ ਨੇ। ਲਾਲ ਰੰਗ ਦਾ ਖੂਨ ਧਾਰਮਿਕ ਤੌਰ ਤੇ ਕਈ ਰੰਗਾਂ ਦਾ ਬਣ ਚੁੱਕਾ ਹੈ।
'ਸੱਧਰਾ' ਕਹਾਣੀ ਸਮਾਜਿਕ ਜ਼ਿੰਮੇਵਾਰੀਆ ਦਾ ਅਹਿਸਾਸ ਹੈ ਤੇ ਇਹ ਅਹਿਸਾਸ ਜਦੋ ਜਾਗਦਾ ਹੈ ਤਾ ਮਾਨਸਿਕ ਤੌਰ ਤੇ ਟੁੱਟੇ ਰਿਸ਼ਤੇ ਵੀ ਦੁਬਾਰਾ ਅਪਣੱਤ ਨਾਲ ਭਰ ਜਾਂਦੇ ਹਨ ,ਹੋਰ ਅਨੇਕਾਂ ਨਿੱਕੇ-ਨਿੱਕੇ ਅਹਿਸਾਸਾਂ ਦੀ ਗੱਲ ਕਰਦੀ ਇਹ ਕਹਾਣੀ ਇਹ ਵੀ ਬਿਆਨ ਕਰਦੀ ਹੈ ਕਿ ਮਨੁੱਖ ਆਪਣੇ ਅਹਿਸਾਨਾਂ ਦਾ ਮੁੱਲ ਹਮੇਸ਼ਾਂ ਵੱਟਣਾ ਚਾਹੁੰਦਾ ਹੈ ਜਿਵੇ ਇਸ ਕਹਾਣੀ ਦਾ ਪਾਤਰ ਬਲਜੀਤ ਕਹਿੰਦਾ ਹੈ ' ਮੈਂ ਘਰ ਵਾਲਿਆ ਦੀ ਨਜ਼ਰ ਵਿਚ ਚੰਗਾ ਬਣਨ ਲਈ ਖੇਤਾਂ ਵਿਚ ਪਾਪਾ ਨਾਲ ਸਾਰਾ ਕੰਮ ਕਰਵਾਉਦਾ ਤੇ ਮੰਮੀ ਦੀ ਵੀ ਹਰ ਗੱਲ ਮੰਨਦਾ ਤਾਂ ਕਿ ਸਮਾਂ ਆਉਣ ਤੇ ਜਦੋਂ ਕਵਿਤਾ ਬਾਰੇ ਘਰ ਵਿਚ ਗੱਲ ਹੋਏ ਤਾਂ ਘਰ ਵਾਲੇ ਆਪਣੇ ਨੇਕ ਤੇ ਸਾਊ ਮੁੰਡੇ ਦਾ ਦਿਲ ਨਾਂ ਤੋੜਨ',ਸੋ ਮਨੁੱਖ ਦੀ ਦਿਲੀ ਲੋੜ ਜਾ ਰਿਸ਼ਤਾ ਮਨੁੱਖ ਤੋਂ ਕੀ-ਕੀ ਕਰਵਾਉਦਾ ਹੈ ਇਹ ਇਸ ਕਹਾਣੀ ਵਿਚ ਬਹੁਤ ਬਰੀਕੀ ਨਾਲ ਬਿਆਨ ਕੀਤਾ ਗਿਆ ਹੈ,ਅਸਲ ਵਿਚ ਇਹ ਕਹਾਣੀ ਸਮਾਜਿਕ ਰਿਸ਼ਤਿਆ ਦੇ ਉਸ ਪੱਖ ਦੀ ਕਹਾਣੀ ਹੈ ਜਦੋਂ ਮਨੁੱਖ ਦੇ ਹਿਰਦੇ ਵਿਚ ਦਿਲ ਦੇ ਰਿਸ਼ਤੇ ਸਮੇਂ ਦੇ ਬਦਲਣ ਨਾਲ ਬਦਲ ਤਾਂ ਨਹੀਂ ਸਕਦੇ ਪਰ ਉਹਨਾਂ ਨੂੰ ਛੱਡਣ ਦਾ ਇਰਾਦਾ ਖੁਦ ਉਸ ਦਿਲ ਦੁਆਰਾ ਕੀਤਾ ਜਾਂਦਾ ਹੈ ਜੋ ਕਦੇ ਉਹਨਾਂ ਰਿਸ਼ਤਿਆਂ ਨੂੰ ਨਿਭਾਉਣ ਲਈ ਆਪਾ ਵਾਰਨ ਦੀ ਹਾਮੀ ਭਰਦਾ ਹੈ।ਇਹ ਕਹਾਣੀ ਅਸਲ ਵਿਚ ਪਿਆਰ ਦੇ ਸ਼ੁਦਾਈ ਲੋਕਾਂ ਦੇ ਦਿਲ ਨੂੰ ਹਿੱਟ ਕਰਦੀ ਕਹਾਣੀ ਹੈ ਤੇ ਸਮਾਜ ਨਾਲ ਸਮਝੋਤਾ ਹੈ,ਯਥਾਰਥ ਦਾ ਪ੍ਰਭਾਵ ਹੋਣ ਕਰਕੇ ਯਥਾਰਥਵਾਦੀ ਕਹਾਣੀ ਹੈ।
'ਵਾਰਿਸ' ਕਹਾਣੀ ਇਸ ਪਦਾਰਥਵਾਦੀ ਤੇ ਤੇਜ-ਤਰਾਰ ਯੁੱਗ ਵਿਚ ਭੱਜ ਰਹੇ ਲੋਕਾਂ ਦੇ ਚਿੱਟੇ ਹੋ ਰਹੇ ਖੂਨ ਦੀ ਗੱਲ ਕਰਦੀ ਹੈ ਤੇ ਨਾਲ ਹੀ ਇਸਦਾ ਵਿਰੋਧਾਭਾਸ ਸਿਰਜਦੀ ਹੋਈ ਬਰਾਬਰ ਲਾਲ ਰੰਗ ਦੇ ਖੂਨ ਦੀ ਹਾਜਰæੀ ਲਵਾਉਦੀ ਹੈ,ਸਮੇਂ ਦੇ ਨਾਲ ਬਹੁਤ ਕੁਝ ਬਦਲ ਰਿਹਾ ਹੈ ਤੇ ਹੁਣ ਪੰਜਾਬ ਦੇ ਪਿੰਡਾਂ ਦੇ ਵੀ ਹਲਾਤ ਇਹ ਹਨ ਕਿ ਵੱਡੇ-ਵੱਡੇ ਪਰਿਵਾਰ ਖਤਮ ਹੋ ਗਏ ਹਨ ਬਜੁਰਗਾਂ ਦੀ ਝੇਪ ਤੇ ਉਹਨਾਂ ਦਾ ਆਦਰ-ਮਾਨ ਕਰਨਾ ਤਾਂ ਦੂਰ ਦੀ ਗੱਲ ਬੱਚੇ ਪੈਰਾਂ ਤੇ ਖੜੇ ਹੁੰਦਿਆਂ ਹੀ ਉਹਨਾਂ ਨੂੰ ਆਪਣੇ ਤੇ ਬੋਝ ਸਮਝਣ ਲੱਗ ਜਾਂਦੇ ਹਨ ਇਸੇ ਸਥਿਤੀ ਨੂੰ ਸਿਰਜਦੀ ਹੈ ਇਹ ਕਹਾਣੀ, ਜਦੋਂ ਕੋਈ ਪੁੱਤਰ ਆਪਣੇ ਬਜ਼ੁਰਗ ਬਾਪ ਨੂੰ ਆਥਣ ਦੇ ਸਮੇਂ ਇਕ ਬੱਸ ਵਿਚ ਬਿਠਾਕੇ ਉੱਥੋ ਖਿਸਕ ਜਾਂਦਾ ਹੈ,ਉਸੇ ਬੱਸ ਵਿਚ ਸਵਾਰ ਕਹਾਣੀ ਦੀ ਨਾਇਕਾ ਸਿਮਰਨ ਉਸ ਬਜ਼ੁਰਗ ਨੂੰ ਆਪਣੇ ਘਰ ਲੈ ਆਉਂਦੀ ਹੈ, ਪਰ ਕਹਾਣੀ ਦਾ ਮੈਸੇਜ ਥੋੜਾ ਦਬ ਜਾਂਦਾ ਹੈ ਜਦੋਂ ਸਿਮਰਨ ਉਸ ਬਜੁæਰਗ ਨੂੰ ਆਪਣੇ ਮੋਏ ਹੋਏ ਪਾਪਾ ਦੇ ਰੂਪ ਵਿਚ ਦੇਖਦੀ ਹੈ ਤੇ ਇਸ ਤਰ੍ਹਾਂ ਅਹਿਸਾਸ ਹੁੰਦਾ ਹੈ ਕਿ ਮਨੁੱਖ ਦਾ ਖੂਨ ਅੱਜ ਦੇ ਯੁੱਗ ਵਿਚ ਉਦੋ ਹੀ ਲਾਲ ਬਣਦਾ ਹੈ ਜਦੋਂ ਉਸ ਤੋਂ ਕੋਈ ਕੀਮਤੀ ਚੀਜ਼ ਜਾਂ ਰਿਸ਼ਤਾ ਹਮੇਸ਼ਾਂ ਲਈ ਖੁੱਸ ਜਾਂਦਾ ਹੈ ਤੇ ਫਿਰ ਮਨੁੱਖੀ ਮਨ ਉਸਦਾ ਵਿਕਲਪ ਲੱਭਦਾ ਉਸੇ ਤਰਾਂ ਦੇ ਕਿਸੇ ਹੋਰ ਰਿਸ਼ਤੇ ਜਾਂ ਵਸਤੂ ਨਾਲ ਸਾਂਝ ਬਣਾਉਣੀ ਚਾਹੁੰਦਾ ਹੈ,ਤੇ ਸਿਮਰਨ ਦਾ ਚੰਗਾਪਣ,ਦਇਆ ਤੇ ਇਨਸਾਨੀਅਤ ਇਸ ਸ਼ੱਕ ਦੇ ਘੇਰੇ ਵਿਚ ਆ ਜਾਂਦੀ ਹੈ ਕਿ ਜੇਕਰ ਉਸਦਾ ਪਿਤਾ ਜਿਉਦਾਂ ਹੁੰਦਾ ਫਿਰ ਵੀ ਉਹ ਉਸ ਬਜੁæਰਗ ਨੂੰ ਆਪਣੇ ਬਾਪ ਦੇ ਰੂਪ ਵਿਚ ਦੇæਖਦੀ ,ਕਹਾਣੀ ਹੋਰ ਵੀ ਵਧੀਆ ਬਣ ਜਾਣੀ ਸੀ ਜੇਕਰ ਉਸਦਾ ਪਿਤਾ ਵੀ ਜਿਉਦਾ ਹੁੰਦਾ ਤੇ ਬਰਾਬਰ ਬੈਠਾ ਹੁੰਦਾ ,ਪਰ ਨਿੱਜੀ ਤੌਰ ਤੇ ਮੈਨੁੰ ਇਹ ਕਹਾਣੀ ਸਰਬੋਤਮ ਕਹਾਣੀ ਲੱਗਦੀ ਹੈ ਕਿਉਕਿ ਇਨਸਾਨੀਅਤ ਦਾ ਇਕ ਲਾਲ ਖੂਨ ਦਿਖਾਉਣ ਦੀ ਕੋਸ਼ਿਸ਼ ਹੈ ਚਾਹੇ ਉਹ ਕਿਸੇ ਨਾ ਕਿਸੇ ਢੰਗ ਨਾਲ ਨਿੱਜੀ ਲੋੜਾਂ ਜਾ ਥੁੜਾਂ ਨਾਲ ਜੁੜਿਆ ਹੋਇਆ ਹੈ,ਕਹਾਣੀ ਯਥਾਰਥਵਾਦੀ ਹੈ ਤੇ ਅੱਜ ਦੇ ਯੁੱਗ ਦੇ ਪਰਵਾਰਕ ਰਿਸ਼ਤਿਆਂ ਦੀ ਟੁੱਟ-ਭੱਜ ਤੇ ਮਾਪਿਆਂ ਦੇ ਬੱਚਿਆ ਵੱਲੋਂ ਤੇ ਬੱਚਿਆਂ ਦੇ ਮਾਪਿਆ ਵੱਲੋਂ ਹੋਏ ਸੋæਸ਼ਣ ਦਾ ਇਕ ਅੱਖਾਂ ਨਮ ਕਰਨ ਵਾਲਾ ਚਿਤਰਨ ਪੇਸ਼ ਕਰਦੀ ਹੈ ।ਜਦੋਂ ਹਰ ਮਨੁੱਖ ਦੀ ਮਨੋਦਿਸ਼ਾਂ ਕਈ ਪਾਸਿਆ ਤੋਂ ਹਿਟ ਹੋ ਰਹੀ ਹੈ ਉਹ ਸਮਾਜਿਕ ਵੀ ਹਨ,ਮਾਨਸਿਕ ਵੀ ਹਨ ਤੇ ਆਰਥਿਕ ਵੀ ਹਨ,ਕਈ ਵਾਰ ਅਸੀ ਚਾਹੁੰਦੇ ਹੋਏ ਵੀ ਕਿਸੇ ਲੋੜਵੰਦ ਦੀ ਮਦਦ ਤੋਂ ਪਾਸਾ ਵੱਟ ਲੈæਦੇ ਹਾ ਕਿAਕਿ ਉਪਰ ਲਿਖੇ ਹਲਾਤ ਹੋਣ ਕਰਕੇ ਅਸੀ ਚਾਹੁੰਦੇ ਹੋਏ ਵੀ ਮਦਦ ਨਹੀਂ ਕਰ ਸਕਦੇ ਪਰ ਅਸਲ ਵਿਚ ਇਹ ਹਲਾਤ ਅੱਜ ਦੇ ਮੁਕਾਬਲੇ ਭਰੇ ਤੇ ਪਦਾਰਥਵਾਦੀ ਯੁੱਗ ਦੀ ਦੇਣ ਹਨ।
ਅਸਲ ਵਿਚ ਜ਼ੋਰਾਵਰ ਸਿੰਘ ਬਾਂਸਲ ਦੀ ਇਸ ਕਿਤਾਬ ਦੀਆ ਸਭ ਕਹਾਣੀਆਂ ਹੀ ਚਰਚਾ ਕਰਨਯੋਗ ਹਨ,ਉਸ ਕੋਲ ਸ਼ਬਦਾਵਲੀ ਦੀ ਕਮੀ ਨਹੀਂ ਹੈ ਤੇ ਹਰ ਇਕ ਕਹਾਣੀ ਵਿਚ ਉਸ ਵੱਲੋਂ ਕੀਤੇ ਵਿਖਿਆਨ ਪਾਠਕਾਂ ਦਾ ਧਿਅਨ ਮੱਲੋ-ਮੱਲੀ ਖਿੱਚਦੇ ਹਨ । ਜਿਵੇ ਕਹਾਣੀ 'ਸ਼ਾਬਸ਼ ਬੇਟਾ' ਵਿਚ 'ਕੁਦਰਤ ਦਾ ਨਿਯਮ ਹੈ ਕਿ ਹਰ ਸ਼ੈਅ ਨੂੰ ਵੱਧਣ-ਫੁੱਲਣ ਲਈ ਖੁੱਲ੍ਹੀ ਹਵਾ ਦੀ ਲੋੜ ਹੁੰਦੀ ਹੈ,ਚਾਹੇ ਉਹ ਰੁੱਖ ਹੋਵੇ ਜਾਂ ਮਨੁੱਖ' ਕਹਾਣੀ 'ਮਹਿਕ' ਵਿਚ 'ਜਦ ਇਨਸਾਨ ਦੇ ਅੰਦਰ ਦਾ ਮੌਸਮ ਪੱਤਝੜ ਵਿਚ ਹੋਵੇ ਤਾਂ ਸਾਰੇ ਜ਼ਮਾਨੇ ਦੀਆਂ ਬਹਾਰਾਂ ਵੀ ਉਸਦਾ ਮਨ ਨਹੀਂ ਮੋਹ ਸਕਦੀਆਂ' 'ਸੱਧਰਾਂ' ਕਹਾਣੀ ਵਿਚ 'ਅੱਜ ਜਦੋਂ ਮੈ ਘਰ ਆਇਆ ਤਾਂ ਕਿੰਨੀ ਉਦਾਸੀ,ਕਿੰਨਾ ਹਨੇਰਾ ਸੀ ਸ਼ਾਇਦ ਬਿਜਲੀ ਚਲੀ ਗਈ ਸੀ ਪਰ ਬੁਝਿਆ ਦਿਲਾਂ ਨੂੰ ਰੋਸ਼ਨੀ ਕਰਨ ਦੀ ਜਾਂਚ ਹੀ ਨਹੀਂ ਰਹੀ ਸੀ' 'ਵਾਰਿਸ'ਕਹਾਣੀ ਵਿਚ 'ਬਿਨਾਂ ਸੁਆਦ ਦੇ ਜੀਣਾ ਜਾਣੀ ਜੂਨ ਭੋਗਣ ਵਾਲੀ ਗੱਲ ਏ' । ਉਸਦੀਆਂ ਕਹਾਣੀਆਂ ਇਕ ਵਧੀਆ ਸਮਾਜ ਸਿਰਜਣ ਦੀ ਸਮੱਰਥਾ ਰੱਖਦੀਆਂ ਹਨ,ਤੇ ਬਹੁਤੀਆ ਕਹਾਣੀਆ ਪੜ੍ਹਦਿਆਂ ਇੰਝ ਲੱਗਦਾ ਹੈ ਜਿਵੇ ਉਹ ਖੁਦ ਇਹਨਾਂ ਹਲਾਤਾਂ ਵਿਚੋæ ਲੰਘਿਆ ਹੋਵੇ ,ਵਧੀਆ ਇਨਸਾਨ ਹੋਣ ਕਰਕੇ ਉਹ ਪਾਤਰਾਂ ਦੇ ਸਿਰ ਤੇ ਖੜਾ ਦਿਖਾਈ ਦਿੰਦਾ ਹੈ ਹਰ ਇਕ ਕਹਾਣੀ ਨੂੰ ਪੌਜੇਟਿਵ ਕਰਦਾ ਹੈ ਬੇਸ਼ਕ ਇਹ ਅਸਲ ਲਾਈਫ ਵਿਚ ਹਮੇਸ਼ਾਂ ਨਹੀਂ ਹੁੰਦਾ। ਪਰ ਇਹ ਸਭ ਕੁਝ ਉਹ ਜਾਣ-ਬੁੱਝਕੇ ਕਰਦਾ ਦਿਖਾਈ ਦਿੰਦਾ ਹੈ ਤਾਂ ਕਿ ਇਕ ਵਧੀਆ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ, ਹਰ ਇਕ ਦੀਆ ਇਸ਼ਾਵਾਂ ਪੂਰੀਆ ਹੋਣ, ਤਾਂ ਹੀ ਤਾਂ ਲੱਗਦਾ ਹੈ ਕਿ ਉਹ ਦਿਲ ਤੋਂ ਲਿਖਦਾ ਹੈ ਹਰ ਕਹਾਣੀ,ਉਹ ਪਾਤਰ ਨੂੰੁ ਬਹੁਤਾ ਤੜਫਦਾ ਨਹੀਂ ਦੇਖ ਸਕਦਾ ਤੇ ਬਹੁਤੀ ਵਾਰ ਉਸਦਾ ਪੱਖ ਪੂਰਦਾ ਕਹਾਣੀ ਦੇ ਅਖੀਰ ਵੱਲ ਵੱਧਦਾ ਹੈ,ਮੈਂ ਉਸਦੇ ਇਸ ਕਹਾਣੀ ਸੰਗ੍ਰਹਿ 'ਤਰੇੜਾਂ' ਨੂੰ ਸਹਿਤ ਜਗਤ ਵਿਚ ਜੀ ਆਇਆ ਆਖਦਾ ਹਾਂ । ਸਹਿਤ ਤੇ ਸੰਸਾਰਿਕ ਸਮਾਜ ਨੂੰ ਉਸਤੋਂ ਹੋਰ ਬਹੁਤ ਵੱਡੀਆਂ ਆਸਾਂ ਹਨ,ਤੇ ਉਮੀਦ ਹੈ ਕਿ ਉਹ ਕਹਾਣੀ ਸੰਸਾਰ ਨਾਲ ਨਿਆਂ ਕਰਦਾ ਨਵੇਂ ਰਾਹ ਪੈਦਾ ਕਰੇਗਾ,ਜਿਸ ਤੇ ਆਉਣ ਵਾਲੇ ਕਹਾਣੀਕਾਰ ਚੱਲਣਾ ਪਸੰਦ ਕਰਨਗੇ ।

Sunday, 25 September 2011

ਇੰਗਲੈਂਡ ਦੌਰੇ ਦੌਰਾਨ ਗਾਇਕ ਮੰਗੀ ਮਾਹਲ, ਹਰਜੀਤ ਹਰਮਨ ਤੇ ਜੀਤ ਜਗਜੀਤ ਨੇ ਸੰਗੀਤਕ ਮਿਲਣੀ ਦੌਰਾਨ ਕਲਾ ਦੇ ਰੰਗ ਬਿਖੇਰੇ।

ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) ਬੀਤੇ ਦਿਨੀਂ ਇੰਗਲੈਂਡ ਦੌਰੇ 'ਤੇ ਆਏ ਗਾਇਕ ਮੰਗੀ ਮਾਹਲ, ਹਰਜੀਤ ਹਰਮਨ ਅਤੇ ਜੀਤ ਜਗਜੀਤ ਦਾ ਇੰਗਲੈਡ ਦੇ ਸੁਹਿਰਦ ਸੰਗੀਤ ਪ੍ਰੇਮੀਆਂ ਨੇ ਭਰਵਾਂਸਵਾਗਤ ਕੀਤਾ। ਹੇਜ਼ ਦੇ ਸਪਰਿੰਗਫੀਲਡ ਰੋਡ ਸਥਿਤ "ਸੇਫਟੈੱਕ ਹਾਊਸ" ਦੇ ਮੈਨੇਜਿੰਗ ਡਾਇਰੈਕਟਰ ਸਰਬਜੀਤ ਸਿੰਘ ਗਰੇਵਾਲ ਅਤੇ ਗਾਇਕ ਹਰਵਿੰਦਰ ਥਰੀਕੇ ਦੀ ਅਗਵਾਈ ਵਿੱਚ ਵਿਸ਼ੇਸ਼ ਸਾਹਿਤਕ ਤੇ ਸੰਗਤਿਕ ਸ਼ਾਮ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਹਾਜ਼ਰੀਨ ਦੀ ਪੁਰਜ਼ੋਰ ਮੰਗ Ḕਤੇ ਮੰਗੀ ਮਾਹਲ, ਹਰਜੀਤ ਹਰਮਨ, ਜੀਤ ਜਗਜੀਤ ਨੇ ਪੰਜਾਬ ਪੰਜਾਬੀ ਤੇ ਪੰਜਾਬੀਅਤ ਦੇ ਹੱਕ Ḕਚ ਹਾਅ ਦਾ ਨਾਅਰਾ ਮਾਰਦੇ ਚੋਣਵੇਂ ਗੀਤ ਗਾ ਕੇ ਮਾਹੌਲ ਨੂੰ ਭਾਵੁਕ ਕੀਤਾ। ਆਪਣੇ ਵਿਚਾਰ ਪੇਸ਼ ਕਰਦਿਆਂ ਉਹਨਾਂ ਕਿਹਾ ਕਿ ਪ੍ਰਦੇਸਾਂ ਵਿੱਚ ਬੈਠੇ ਪੰਜਾਬੀ ਮਾਂ ਬੋਲੀ ਦੇ ਪਾਸਾਰ ਤੇ ਚੜ੍ਹਦੀ ਕਲਾ ਲਈ ਵਧੇਰੇ ਚਿੰਤਤ ਹਨ ਜਦੋਂਕਿ ਪੰਜਾਬ ਦੀਆਂ ਸਮੇਂ ਸਮੇਂ ਦੀਆਂ ਸਰਕਾਰਾਂ ਵੱਲੋਂ ਕੋਈ ਕੋਈ ਖਾਸ ਤਵੱਕੋਂ ਨਹੀਂ ਦਿੱਤੀ ਗਈ। ਇਸ ਸਮੇਂ ਹੋਰਨਾਂ ਤੋਂ ਇਲਾਵਾ ਗੀਤਕਾਰ ਕੁਲਦੀਪ ਮੱਲ੍ਹੀ, ਅਮਰੀਕ ਸਿੰਘ ਸਿੱਧੂ, ਰਣਜੀਤ ਸਿੰਘ ਸੈਂਹਭੀ, ਹਰਜਿੰਦਰ ਸਿੰਘ ਥਿੰਦ, ਤਲਵਿੰਦਰ ਸਿੰਘ ਢਿੱਲੋਂ, ਸਤਵੰਤ ਮੱਲ੍ਹੀ, ਗੁਰਮੀਤ ਸਿੰਘ ਗਿੱਲ, ਗਾਇਕ ਇੰਦਰਜੀਤ ਲੰਡਨ, ਗਾਇਕ ਬਲਦੇਵ ਬੁੱਲਟ, ਗੀਤਕਾਰ ਪਾਲੀ ਚੀਮਾ, ਸਰਮੁੱਖ ਸਿੰਘ ਗਰੇਵਾਲ ਕੈਨੇਡਾ, ਜਸ ਗਿੱਲ (ਜਸ ਟਰੈਵਲ), ਜਸਵੰਤ ਸਿੰਘ, ਸਾਧੂ ਸਿੰਘ ਗਰੇਵਾਲ ਆਦਿ ਹਾਜ਼ਰ ਸਨ। ਸਮਾਗਮ ਦੀ ਸਮਾਪਤੀ ਹਰਵਿੰਦਰ ਥਰੀਕੇ ਦੇ ਗੀਤ "ਸੁੰਨੀਆਂ ਸੁੰਨੀਆਂ ਪਿੰਡ ਤੇਰੇ ਦੀਆਂ ਰਾਹਵਾਂ" ਨਾਲ ਹੋਈ। ਮੰਚ ਸੰਚਾਲਕ ਦੇ ਫ਼ਰਜ਼ ਦਵਿੰਦਰ ਸਿੰਘ ਦੇਵਗਣ ਨੇ ਨਿਭਾਏ।

ਰੋਕੋ ਕੈਂਸਰ ਵੱਲੋਂ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਬਾਬਾ ਫਰੀਦ ਸੈਂਟਰ ਫਰੀਦਕੋਟ ਨੂੰ ਲੱਖਾਂ ਰੁਪਏ ਲਾਗਤ ਦੀਆਂ 8 ਮਸ਼ੀਨਾਂ ਭੇਂਟ।

ਅਪੰਗ ਬੱਚਿਆਂ ਦੇ ਕੁਦਰਤੀ ਇਲਾਜ਼ ਵਾਲੀਆਂ ਅਤਿ ਆਧੁਨਿਕ ਮਸ਼ੀਨਾਂ ਵਾਲਾ ਉੱਤਰੀ ਭਾਰਤ ਦਾ ਪਹਿਲਾ ਸੈਂਟਰ ਬਣਿਆ।ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) ਵਿਸ਼ਵ ਭਰ Ḕਚੋਂ ਕੈਂਸਰ ਦੇ ਖ਼ਾਤਮੇ ਲਈ ਲਗਾਤਾਰ ਯਤਨਸ਼ੀਲ ਸੰਸਥਾ Ḕਰੋਕੋ ਕੈਂਸਰḔ ਨੂੰ ਵਿਸ਼ਵ ਦੇ ਕੋਨੇ ਕੋਨੇ Ḕਚ ਬੈਠੇ ਪੰਜਾਬੀਆਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ
ਜਿਸਦੀ ਬਦੌਲਤ ਰੋਕੋ ਕੈਂਸਰ ਦੇ ਗਲੋਬਲ ਰਾਜਦੂਤ ਕੁਲਵੰਤ ਸਿੰਘ ਧਾਲੀਵਾਲ ਦੀ ਅਗਵਾਈ ਵਿੱਚ ਫਰੀਦਕੋਟ ਸਥਿਤ "ਬਾਬਾ ਫਰੀਦ ਸੈਂਟਰ ਫਾਰ ਸਪੈਸ਼ਲ ਚਿਲਡਰਨ" ਦੇ ਮਾਨਸਿਕ ਅਤੇ ਸਰੀਰਕ ਪੱਖ ਤੋਂ ਅਪੰਗ ਬੱਚਿਆਂ ਦੇ ਕੁਦਰਤੀ ਢੰਗ ਨਾਲ ਇਲਾਜ ਲਈ Ḕਨੈਚਰੋਪੈਥੀ ਅਤੇ ਹਾਈਡਰੋਪੈਥੀ ਦੀਆਂ ਰੋਕੋ ਕੈਂਸਰ ਸੰਸਥਾ ਵੱਲੋਂ ਲੱਖਾਂ ਦੀ ਲਾਗਤ ਵਾਲੀਆਂ ਮਸ਼ੀਨਾਂ ਭੇਂਟ ਕੀਤੀਆਂ ਗਈਆਂ। ਸ੍ਰੀ ਧਾਲੀਵਾਲ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਮਈ ਮਹੀਨੇ ਉਹਨਾਂ ਘੱਟੋ ਘੱਟ ਦੋ ਮਸ਼ੀਨਾਂ ਦੇਣ ਦਾ ਵਾਅਦਾ ਕੀਤਾ ਸੀ ਪਰ ਅੱਠ ਮਸ਼ੀਨਾਂ ਦੇ ਕੇ ਆਪਣੇ ਸਿਰ ਪਈ ਜ਼ਿੰਮੇਵਾਰੀ ਨੂੰ ਨਿਭਾ ਕੇ ਚੱਲੇ ਹਨ। ਉਹਨਾਂ ਕਿਹਾ ਕਿ ਉਹ ਇਸ ਗੱਲ ਤੋਂ ਚਿੰਤਤ ਹਨ ਕਿ ਜਿਹੜੇ ਬੱਚਿਆਂ ਨੇ ਬੁਢਾਪੇ ਵਿੱਚ ਮਾਂ ਪਿਓ ਦੀ ਡੰਗੋਰੀ ਬਣਨਾ ਸੀ, ਉਲਟਾ ਮਾਂ ਬਾਪ ਉਹਨਾਂ ਨੂੰ ਸਹਾਰਾ ਦੇ ਰਹੇ ਹਨ। ਇਸਦੀ ਖਾਸ ਵਜ੍ਹਾ ਇਹ ਹੀ ਹੈ ਕਿ ਅਸੀਂ ਰਸਾਇਣਕ ਖਾਦਾਂ ਪੀਂਦੇ ਹਾਂ, ਖਾਂਦੇ ਹਾਂ ਅਤੇ ਰਸਾਇਣਕ ਖਾਦਾਂ ਦੀ ਦਿੱਤੀ ਜ਼ਿੰਦਗੀ ਹੀ ਜਿਉਂਦੇ ਹਾਂ। ਰਸਾਇਣਕ ਖਾਦਾਂ ਦਾ ਨਤੀਜ਼ਾ ਹੈ ਕਿ ਮਾਵਾਂ ਦੀਆਂ ਕੁੱਖਾਂ Ḕਚੋਂ ਹੀ ਨੁਕਸਦਾਰ ਬੱਚੇ ਪੈਦਾ ਹੋ ਰਹੇ ਹਨ ਅਤੇ ਮਾਲਵੇ Ḕਚ ਔਰਤਾਂ ਗਰਭਵਤੀ ਹੋਣ ਤੋਂ ਵੀ ਭੈਅ ਖਾਂਦੀਆਂ ਹਨ ਤਾਂ ਕਿ ਉਹਨਾਂ ਨੂੰ ਵੀ ਅਪੰਗ ਬੱਚਾ ਨਾ ਪੈਦਾ ਹੋ ਜਾਵੇ। ਉਹਨਾਂ ਕਿਹਾ ਕਿ ਉੱਤਰੀ ਭਾਰਤ ਦਾ ਇਹ ਪਹਿਲਾ ਸੈਂਟਰ ਹੈ ਜਿੱਥੇ ਅਪੰਗ ਬੱਚਿਆਂ ਦੇ ਸੁਚੱਜੇ ਇਲਾਜ਼ ਲਈ ਹਰ ਤਰ੍ਹਾਂ ਦੀ ਮਸ਼ੀਨ ਉਪਲੱਬਧ ਹੈ। ਸ੍ਰੀ ਧਾਲੀਵਾਲ ਨੇ ਭਾਵੁਕ ਹੁੰਦਿਆਂ ਸਮੂਹ ਪ੍ਰਵਾਸੀ ਵੀਰਾਂ ਨੂੰ ਅਪੀਲ ਕੀਤੀ ਕਿ ਉਹ ਖੇਡ ਟੂਰਨਾਮੈਂਟਾਂ Ḕਤੇ ਪੈਸੇ ਉਡਾਉਣ ਨਾਲੋਂ, ਥਾਂ ਥਾਂ ਧਾਰਮਿਕ ਅਸਥਾਨ ਉਸਾਰਨ ਨਾਲੋਂ ਪੰਜਾਬ ਦੇ ਲੋਕਾਂ ਨੂੰ ਸਿਹਤ ਤੇ ਸਿੱਖਿਆ ਪੱਖੋਂ ਉੱਚੇ ਚੁੱਕਣ ਲਈ ਸਹਾਇਤਾ ਕਰਨ। ਉਹਨਾਂ ਕਿਹਾ ਜੇ ਕੋਈ ਵੀ ਪ੍ਰਵਾਸੀ ਭਾਰਤੀ ਆਪਣੇ ਪਿੰਡ ਕੈਂਸਰ ਚੈੱਕਅਪ ਕੈਂਪ, ਬਲੱਡ ਪ੍ਰੈਸ਼ਰ ਜਾਂ ਸ਼ੂਗਰ ਚੈੱਕਅਪ ਕੈਂਪ ਲਗਵਾਉਣਾ ਚਾਹੁੰਦਾ ਹੈ ਤਾਂ ਉਹ ਉਹਨਾਂ ਨਾਲ ਮੋਬਾਈਲ ਨੰਬਰ 0044 7947315461 ਤੇ ਸੰਪਰਕ ਕਰ ਸਕਦੇ ਹਨ।
ਮਸ਼ੀਨਾਂ ਦੇ ਉਦਘਾਟਨ ਸਮਾਰੋਹ ਦੀ ਝਲਕੀ ਅਜੋਕੇ ਰਾਜਨੀਤਕ ਤਾਣੇ ਬਾਣੇ ਦੇ ਮੂੰਹ Ḕਤੇ ਕਰਾਰੀ ਚਪੇੜ ਕਹਿ ਲਈ ਜਾਵੇ ਤਾਂ ਅਤਿਕਥਨੀ ਨਹੀਂ ਕਿਉਂਕਿ ਸ੍ਰੀ ਧਾਲੀਵਾਲ ਨੇ ਮਸ਼ੀਨਾਂ ਦਾ ਉਦਘਾਟਨ ਵੀ ਇੱਕ ਅਪੰਗ ਬੱਚੇ ਤੋਂ ਰੀਬਨ ਕਟਵਾ ਕੇ ਕੀਤਾ ਜਦੋਂਕਿ ਜੇ ਅੱਜ ਕੱਲ੍ਹ ਕਿਸੇ ਸਕੂਲ Ḕਚ ਬੱਚਿਆਂ ਦੇ ਖਾਣੇ ਲਈ ਸਰਕਾਰ ਵੱਲੋਂ ਬਰਤਨ ਵੀ ਦਿੱਤੇ ਜਾਂਦੇ ਹਨ ਤਾਂ ਪਿੰਡਾਂ ਦੀਆਂ ਕਮੇਟੀਆਂ ਦੇ ḔਚੌਧਰੀḔ ਫੋਟੋਆਂ ਖਿਚਵਾ ਕੇ ਅਖਬਾਰਾਂ ਵਿੱਚ ਛਪਵਾਉਣੀਆਂ ਵੀ ਆਪਣਾ ਪਰਮ ਧਰਮ ਸਮਝਦੇ ਹਨ। ਬਾਬਾ ਫਰੀਦ ਸੈਂਟਰ ਵਿਖੇ ਹੋਏ ਇਸ ਅਨੋਖੇ ਉਦਘਾਟਨ ਸਮਾਰੋਹ ਦੀ ਇਲਾਕੇ ਭਰ ਵਿੱਚ ਚਰਚਾ ਛਿੜੀ ਹੋਈ ਹੈ।

ਧਰਮਿੰਦਰ ਸਿੱਧੂ ਬੈਲਜ਼ੀਅਮ ਦੇ ਸਨਮਾਨ 'ਚ ਸਾਹਿਤਕ ਸ਼ਾਮ ਦਾ ਆਯੋਜ਼ਨ।

ਲੰਡਨ,(ਮਨਦੀਪ ਖੁਰਮੀ ਹਿੰਮਤਪੁਰਾ) ਬੈਲਜ਼ੀਅਮ ਦੀ ਗੈਰ ਸਿਆਸੀ ਪਰ ਭਲਾਈ ਕਾਰਜਾਂ ਵਿੱਚ ਨਿਰੰਤਰ ਗਤੀਸ਼ੀਲ ਸੰਸਥਾ ਪੰਜਾਬੀ ਸ਼ੋਸ਼ਲ ਨੈੱਟਵਰਕ ਦੇ ਸਰਗਰਮ ਆਗੂ ਧਰਮਿੰਦਰ ਸਿੱਧੂ ਚੱਕ ਬਖਤੂ ਦਾ ਇੰਗਲੈਂਡ ਪਹੁੰਚਣ'ਤੇ ਉਹਨਾਂ ਦੇ ਸਨੇਹੀਆਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਉਹਨਾਂ ਨੂੰ ਖੁਸ਼-ਆਮਦੀਦ ਕਹਿਣ ਹਿਤ ਇੱਕ ਸਾਹਿਤਕ ਸ਼ਾਮ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਪ੍ਰਸਿੱਧ ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ, ਸ਼ਾਇਰ ਰਵਿੰਦਰ ਰਵੀ ਨੱਥੋਵਾਲ, ਚਰਚਿਤ ਕਹਾਣੀਕਾਰਾ ਭਿੰਦਰ ਜਲਾਲਾਬਾਦੀ, ਤਰਲੋਚਨ ਤੋਚਾ ਨੱਥੋਵਾਲ, ਕਰਨੈਲ ਸਿੰਘ ਬੱਸੀਆਂ, ਮਨਜੀਤ ਸਿੰਘ ਵੜੈਚ, ਮਾਸਟਰ ਅਮਨਦੀਪ ਸਿੰਘ ਬੱਸੀਆਂ, ਗੁਰਦੀਪ ਸਿੰਘ ਚੌਹਾਨ ਅਤੇ ਦਲਬੀਰ ਸਿੰਘ ਗੰਗੋਹਰਾਂ ਆਦਿ ਨੇ ਵਿਸ਼ੇਸ਼ ਤੌਰ ਉੱਤੇ ਸ਼ਿਰਕਤ ਕੀਤੀ। ਇਸ ਸਮੇਂ ਬੋਲਦਿਆਂ ਸ੍ਰੀ ਜੱਗੀ ਕੁੱਸਾ ਨੇ ਕਿਹਾ ਕਿ ਬੇਸ਼ੱਕ ਵਿਦੇਸ਼ੀਂ ਵਸਦੇ ਪੰਜਾਬੀਆਂ ਨੂੰ ਚੰਗੇਰੇ ਭਵਿੱਖ ਦੀ ਆਸ ਵਿੱਚ ਆਪਣੇ ਵਤਨ ਤੋਂ ਦੂਰ ਹੋਣਾ ਪੈ ਗਿਆ ਹੈ ਪਰ ਉਹਨਾਂ ਨੇ ਆਪਣੇ ਵਿਰਸੇ ਦੀ ਮਹਿਕ ਨੂੰ ਆਪਣੇ ਸਾਹਾਂ Ḕਚ ਸਮੋਇਆ ਹੋਇਆ ਹੈ। ਉਹਨਾਂ ਧਰਮਿੰਦਰ ਸਿੱਧੂ ਅਤੇ ਸਾਥੀਆਂ ਵੱਲੋਂ ਨਿਸ਼ਕਾਮ ਸੇਵਾ ਦੇ ਮਨਸ਼ੇ ਨਾਲ ਕੀਤੀਆਂ ਜਾਂਦੀਆਂ ਗਤੀਵਿਧੀਆਂ ਦੀ ਸਰਾਹਨਾ ਕਰਦਿਆਂ ਉਹਨਾਂ ਨੂੰ ਆਪਣੇ ਪਿੰਡ ਚੱਕ ਬਖਤੂ ਦੇ ਨਾਂ Ḕਤੇ ਵੈੱਬਸਾਈਟ ਬਣਾ ਕੇ ਸਾਹਿਤ ਸੇਵਾ ਕਰਨ ਦੀ ਵੀ ਵਧਾਈ ਦਿੱਤੀ। ਇਸ ਸਮੇਂ ਰਵਿੰਦਰ ਰਵੀ ਨੇ ਆਪਣੀਆਂ ਨਜ਼ਮਾਂ ਸੁਣਾ ਕੇ ਹਾਜ਼ਰੀਨ ਦਾ ਪਿਆਰ ਕਬੂਲਿਆ।

ਦਸਤਾਰ ਮਸਲੇ ਦੇ ਹੱਲ ਲਈ ਸ੍ਰੋਮਣੀ ਕਮੇਟੀ ਦੇ ਨਵੇਂ ਚੁਣੇ ਮੈਂਬਰ ਸੁਹਿਰਦ ਯਤਨ ਕਰਨ- ਜਗਰੂਪ ਸਿੰਘ ਸੋਹਲ

ਲੰਡਨ,(ਮਨਦੀਪ ਖੁਰਮੀ ਹਿੰਮਤਪੁਰਾ) ਪੰਜਾਬ ਯੂਥ ਕਲੱਬ ਆਰਗੇਨਾਈਜੇਸ਼ਨ ਗਲਾਸਗੋ (ਯੂ ਕੇ) ਦੇ ਪ੍ਰਧਾਨ ਜਗਰੂਪ ਸਿੰਘ ਸੋਹਲ ਨੇ ਜਗ ਬਾਣੀ ਨਾਲ ਵਾਰਤਾ ਦੌਰਾਨ ਆਸ ਪ੍ਰਗਟਾਈ

ਕਿ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਵਿੱਚੋਂ ਜਿੱਤੇ ਨਵੇਂ ਮੈਂਬਰ ਸਾਹਿਬਾਨ ਦਸਤਾਰ ਮਸਲੇ ਦੇ ਹੱਲ ਲਈ ਸੁਹਿਰਦ ਹੋ ਕੇ ਯਤਨ ਜਰੂਰ ਕਰਨਗੇ। ਕਿਉਂਕਿ ਯੂਰੋਪ ਦੇ ਹਵਾਈ ਅੱਡਿਆਂ (ਖਾਸ ਕਰਕੇ ਇਟਲੀ) ਉੱਪਰ ਚੈਕਿੰਗ ਦੇ ਨਾਮ Ḕਤੇ ਪਗੜੀਧਾਰੀ ਸਿੱਖਾਂ ਨੂੰ ਜਲਾਲਤ ਦਾ ਸਾਹਮਣਾ ਕਰਨਾ ਪਿਆ ਹੈ। ਉਹਨਾਂ ਕਿਹਾ ਕਿ ਵਿਦੇਸ਼ਾਂ ਵਿੱਚ ਵਸਦੇ ਸਿੱਖਾਂ ਨੂੰ ਹਮੇਸ਼ਾ ਹੀ ਸ੍ਰੋਮਣੀ ਕਮੇਟੀ ਤੋਂ ਉਮੀਦ ਰਹੀ ਹੈ ਕਿ ਦਸਤਾਰ ਦੇ ਮਾਣ ਸਨਮਾਨ ਦੀ ਬਹਾਲੀ ਲਈ ਜਰੂਰ ਕੋਈ ਉਚਿਤ ਕਦਮ ਉਠਾਵੇਗੀ। ਉਹਨਾਂ ਸਮੂਹ ਨਵੇਂ ਚੁਣੇ ਮੈਂਬਰਾਂ ਨੂੰ ਬੇਨਤੀ ਕੀਤੀ ਕਿ ਉਹ ਆਪਣਾ ਮੁੱਢਲਾ ਫਰਜ਼ ਸਮਝਦੇ ਹੋਏ ਦਸਤਾਰ ਮਸਲੇ ਸੰਬੰਧੀ ਯੋਗ ਰੂਪਰੇਖਾ ਉਲੀਕਣ ਤਾਂ ਜੋ ਪੰਜਾਬੀਅਤ ਦਾ ਸਿਰ ਹਮੇਸ਼ਾ ਹੀ ਕੱਜਿਆ ਅਤੇ ਉੱਚਾ ਰਹੇ।

ਸ਼ਹੀਦ ਊਧਮ ਸਿੰਘ ਦੀ ਦੁਰਲੱਭ ਤਸਵੀਰ ਕਾ: ਮੰਗਤ ਰਾਮ ਪਾਸਲਾ ਨੂੰ ਭੇਂਟ।

ਲੰਡਨ,(ਮਨਦੀਪ ਖੁਰਮੀ ਹਿੰਮਤਪੁਰਾ) ਇੰਗਲੈਂਡ ਦੌਰੇ ਉੱਪਰ ਆਏ ਕਾਮਰੇਡ ਮੰਗਤ ਰਾਮ ਪਾਸਲਾ ਨੂੰ ਸ਼ਹੀਦ ਊਧਮ ਸਿੰਘ ਦੀ ਦੁਰਲੱਭ ਤਸਵੀਰ ਯਾਦ ਨਿਸ਼ਾਨੀ ਵਜੋਂ ਸ੍ਰ: ਅਜੈਬ ਸਿੰਘ ਗਰਚਾ, ਪ੍ਰੋ: ਸੁਰਿੰਦਰ ਸਿੰਘ ਅਟਵਾਲ
(ਅੰਬਰ ਰੇਡੀਓ ਪੇਸ਼ਕਾਰ), ਲੱਖਾ ਸਿੰਘ (ਸੰਗਤ ਟੈਲੀਵਿਜ਼ਨ ਪੇਸ਼ਕਾਰ), ਸਾਥੀ ਬਲਵੰਤ ਸਿੰਘ, ਜੀਤ ਸਿੰਘ (ਟਰੱਸਟੀ ਸੰਗਤ ਟੈਲੀਵਿਜ਼ਨ), ਰਣਜੀਤ ਸਿੰਘ ਰਾਣਾ (ਸੰਪਾਦਕ ਸਾਹਿਬ ਮੈਗਜ਼ੀਨ) ਆਦਿ ਸ਼ਖ਼ਸੀਅਤਾਂ ਨੇ ਭੇਂਟ ਕੀਤੀ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਅਜੈਬ ਸਿੰਘ ਗਰਚਾ ਨੇ ਦੱਸਿਆ ਕਿ ਮਾਈਕਲ ਉਡਵਾਇਰ ਨੂੰ ਕਤਲ ਕਰਨ ਤੋਂ ਪਹਿਲਾਂ ਊਧਮ ਸਿੰਘ ਦੀ ਉਹਨਾਂ ਦੇ ਮਾਸੜ ਸ੍ਰ: ਪੂਰਨ ਸਿੰਘ ਬਿਨਿੰਗ ਨਾਲ ਕਾਫੀ ਨੇੜਤਾ ਸੀ। ਇੱਕੋ ਘਰ Ḕਚ ਇਕੱਠੇ ਰਹੇ। ਉਹਨੀਂ ਦਿਨੀਂ ਊਧਮ ਸਿੰਘ ਜਦ ਉਹਨਾਂ ਨੂੰ ਕਿਹਾ ਕਰਦਾ ਸੀ ਕਿ ਮੈਂ ਜਲ੍ਹਿਆਂ ਵਾਲੇ ਬਾਗ ਦੇ ਸਾਕੇ ਦਾ ਬਦਲਾ ਲੈ ਹੀ ਲੈਣਾ ਹੈ ਤਾਂ ਉਹ ਉਸਨੂੰ ਇਹੀ ਕਹਿ ਛੱਡਦੇ ਸਨ ਕਿ "ਬਾਵਾ ਐਵੇਂ ਵਾਧੂ ਜਿਹੀਆਂ ਗੱਲਾਂ ਨਾ ਕਰਿਆ ਕਰ।" ਪਰ ਜਦੋਂ ਊਧਮ ਸਿੰਘ ਨੇ ਆਪਣੇ ਅੰਦਰ ਬਦਲੇ ਦੀ ਲਟ ਲਟ ਬਲਦੀ ਅੱਗ ਨੂੰ ਕੈਕਸਟਨ ਹਾਲ ਵਿੱਚ ਜੱਗ ਜਾਹਿਰ ਕਰ ਦਿੱਤਾ ਤਾਂ ਸਭ ਤੋਂ ਪਹਿਲਾਂ ਉਸ ਘਰ ਵਿੱਚ ਰਹਿੰਦੇ ਸ੍ਰ: ਪੂਰਨ ਸਿੰਘ ਦੇ ਦੂਸਰੇ ਸੰਗੀ ਸਾਥੀਆਂ ਨੇ ਆਪਣੇ ਭਵਿੱਖੀ ਬਚਾਅ ਲਈ ਊਧਮ ਸਿੰਘ ਦਾ ਸਾਮਾਨ ਆਸੇ ਪਾਸੇ ਕਰ ਦਿੱਤਾ। ਪਰ ਖੁਸ਼ਕਿਸਮਤੀ ਨਾਲ ਊਧਮ ਸਿੰਘ ਅਤੇ ਪੂਰਨ ਸਿੰਘ ਦੀ ਟੋਪੀਆਂ ਪਹਿਨ ਕੇ ਕਰਵਾਈ ਪਾਸਪੋਰਟ ਸਾਈਜ਼ ਫੋਟੋ ਸੁਰੱਖਿਅਤ ਰਹਿ ਗਈ। ਹੁਣ ਅਜੈਬ ਸਿੰਘ ਗਰਚਾ ਦੁਆਰਾ ਉੱਦਮ ਕਰਕੇ ਉਕਤ ਫੋਟੋ ਨੂੰ ਕਾਫੀ ਵਡੇਰੇ ਸਾਈਜ਼ ਵਿੱਚ ਪੋਸਟਰ ਬਣਵਾ ਕੇ ਵੰਡਿਆ ਜਾ ਰਿਹਾ ਹੈ। ਇਸ ਇਤਿਹਾਸਕ ਤੇ ਦੁਰਲੱਭ ਤਸਵੀਰ ਨੂੰ ਮੁਫ਼ਤ ਵੰਡਣ ਦੀ ਮੁਹਿੰਮ ਦਾ ਆਗਾਜ਼ ਹੀ ਦੇਸ਼ ਭਗਤ ਯਾਦਗਾਰ ਹਾਲ ਕਮੇਟੀ ਦੇ ਮੈਂਬਰ ਕਾਮਰੇਡ ਮੰਗਤ ਰਾਮ ਪਾਸਲਾ ਤੋਂ ਕੀਤਾ ਗਿਆ। ਸ੍ਰੀ ਪਾਸਲਾ ਨੇ ਵੀ ਅਜੈਬ ਸਿੰਘ ਗਰਚਾ ਦੇ ਇਸ ਉੱਦਮ ਦੀ ਭਰਪੂਰ ਸਰਾਹਨਾ ਕੀਤੀ ਗਈ।

ਵਾਲਸਾਲ ਏਸ਼ੀਅਨ ਲਾਇਬ੍ਰੇਰੀ ਯੂਜਰ ਗਰੁੱਪ ਵੱਲੋਂ ਬਾਲੀਵੁੱਡ ਈਵਨਿੰਗ ਸਮਾਗਮ ਦਾ ਆਯੋਜਨ।

ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) ਬੀਤੇ ਦਿਨੀਂ ਵਾਲਸਾਲ ਏਸ਼ੀਅਨ ਲਾਇਬ੍ਰੇਰੀ ਯੂਜਰ ਗਰੁੱਪ ਵੱਲੋਂ ਏਬਲ ਵੈੱਲ ਸਟਰੀਟ ਸਥਿਤ ਸੈਂਟਰਲ ਹਾਲ ਵਿਖੇ ਗਰੁੱਪ ਅਤੇ ਕੌਂਸਲ ਦੇ ਸਹਿਯੋਗਦੁਆਰਾ ਬਾਲੀਵੁੱਡ ਈਵਨਿੰਗ ਨਾਮਕ ਵਿਸ਼ਾਲ ਮਿਲਣੀ ਦਾ ਆਯੋਜਨ ਕੀਤਾ ਗਿਆ। ਜਿਸ ਦੌਰਾਨ ਵੱਖ ਵੱਖ ਏਸ਼ੀਆਈ ਖਿੱਤਿਆਂ ਨਾਲ ਸੰਬੰਧਤ ਲੋਕਾਂ ਨੇ ਇਸ ਸਮਾਗਮ ਵਿੱਚ ਸ਼ਿਰਕਤ ਕੀਤੀ। ਪ੍ਰਧਾਨਗੀ ਭਾਸ਼ਣ ਵਿੱਚ ਬੋਲਦਿਆਂ ਚੇਅਰਮੈਨ ਮਹਿੰਦਰ ਡਡਲੇ ਅਤੇ ਗਰੁੱਪ ਮੇਨੇਜਰ ਜਸਪਾਲ ਸਿੰਘ ਗਰੇਵਾਲ ਨੇ ਕਿਹਾ ਕਿ ਸਮੇਂ ਦੇ ਬਦਲਦੇ ਦੌਰ ਨਾਲ ਕਿਤਾਬਾਂ ਜਾਂ ਇੰਟਰਨੈੱਟ ਹੀ ਅਜਿਹਾ ਸਾਧਨ ਹਨ ਜੋ ਸਾਨੂੰ ਸਮੇਂ ਦੀ ਪੈੜ ਵਿੱਚ ਪੈੜ ਪਾ ਕੇ ਚੱਲਣ ਦਾ ਵੱਲ ਦੱਸਦੇ ਹਨ। ਹਰ ਇਨਸਾਨ ਨੂੰ ਚਾਹੀਦਾ ਹੈ ਕਿ ਉਹ ਕਿਤਾਬਾਂ ਨੂੰ ਆਪਣਾ ਦੋਸਤ ਜਰੂਰ ਬਣਾਵੇ ਕਿਉਂਕਿ ਕਿਤਾਬਾਂ ਤੋਂ ਹਾਸਲ ਹੋਇਆ ਗਿਆਨ ਪਲ ਪਲ ਵਧਦਾ ਜਰੂਰ ਹੈ ਪਰ ਘਟਦਾ ਨਹੀਂ। ਉਹਨਾਂ ਸਮੂਹ ਲਾਇਬ੍ਰੇਰੀ ਵਰਤਨ ਵਾਲੇ ਮੈਂਬਰਾਂ ਨੂੰ ਅਪੀਲ ਕੀਤੀ ਕਿ ਜੇ ਉਹਨਾਂ ਨੂੰ ਵਧਦੀ ਉਮਰ ਪੱਖੋਂ ਕੰਪਿਊਟਰ ਗਿਆਨ ਹਾਸਲ ਕਰਨ ਵਿੱਚ ਕੋਈ ਦਿੱਕਤ ਮਹਿਸੂਸ ਹੁੰਦੀ ਹੈ ਤਾਂ ਗਰੁੱਪ ਹਰ ਪਲ ਸਾਥ ਦੇਣ ਲਈ ਤਤਪਰ ਹੈ। ਈਕੋਜ਼ ਇੰਟਰਨੈਸ਼ਨਲ ਵੱਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕਰਕੇ ਸਮਾਗਮ ਨੂੰ ਰੰਗੀਨ ਕਰ ਦਿੱਤਾ। ਇਸ ਸਮੇਂ ਹੋਰਨਾਂ ਤੋਂ ਇਲਾਵਾ ਸ੍ਰ ਅਜੈਬ ਸਿੰਘ ਗਰਚਾ, ਸੰਨੀ ਅਟਵਾਲ, ਅਰਵਿੰਦ ਕੁਮਾਰ, ਕਾਂਤੀ ਭਾਈ ਪਟੇਲ, ਮੁਰਾਰਜੀ ਭਾਈ, ਇੰਦੂ ਬਾਲਾ ਪ੍ਰਕਾਸ਼, ਲੀਲਾ ਬਹਿਨ, ਡਾ: ਸ਼ਾਇਆ, ਸਰੋਜ ਜੈਨ, ਹਰਜੀਤ ਕੌਰ, ਹਰਪਾਲ ਕੌਰ ਆਦਿ ਵਿਸ਼ੇਸ਼ ਤੌਰ Ḕਤੇ ਹਾਜਰ ਸਨ।

ਲਗਾਤਾਰ 11 ਵੀਂ ਵਾਰ ਜੇਤੂ ਰਹਿਣ ਦੀ ਖੁਸ਼ੀ 'ਚ ਕੀਤਾ ਕਵੀ ਦਰਬਾਰ ਦਾ ਆਯੋਜ਼ਨ।

ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) ਇੰਗਲੈਂਡ ਦੀ ਈਲਿੰਗ ਬਾਰੋਅ ਵਿੱਚੋਂ ਈਲਿੰਗ ਇਨ ਬਲੂਮ ਪ੍ਰਤੀਯੋਗਤਾ ਨੂੰ ਲਗਾਤਾਰ 11 ਵੀਂ ਜਿੱਤਣ ਦਾ ਮਾਣ ਪ੍ਰਾਪਤ ਹੋਇਆ ਹੈ ਸ੍ਰ ਅਜੀਤ ਸਿੰਘ ਚੱਘਰ ਨੂੰ।
ਜਿਹਨਾਂ ਨੇ ਫੁੱਲਾਂ ਨੂੰ ਆਪਣੀ ਜ਼ਿੰਦਗੀ ਦੇ ਰਾਜ਼ਦਾਰ ਬਣਾ ਕੇ ਪਿਛਲੇ 11 ਸਾਲਾਂ ਤੋਂ ਲਗਾਤਾਰ ਇਸ ਪ੍ਰਤੀਯੋਗਤਾ ਨੂੰ ਆਪਣੇ ਨਾਮ ਦਰਜ਼ ਕਰਵਾਇਆ ਹੋਇਆ ਹੈ। ਉਹਨਾਂ ਦੇ ਇਸ ਪ੍ਰਤੀਯੋਗਤਾ ਵਿੱਚੋਂ 11 ਵੇਂ ਸਾਲ ਵੀ ਵਿਜੇਤਾ ਰਹਿਣ ਦੀ ਖੁਸ਼ੀ Ḕਚ ਹਰ ਵਾਰ ਦੀ ਤਰ੍ਹਾਂ ਹੀ ਵਿਸ਼ਾਲ ਕਵੀ ਦਰਬਾਰ ਦਾ ਆਯੋਜ਼ਨ ਕੀਤਾ ਗਿਆ ਜਿਸ ਦੀ ਪ੍ਰਧਾਨਗੀ ਈਲਿੰਗ ਦੇ ਡਿਪਟੀ ਮੇਅਰ ਕੌਂਸਲਰ ਮੁਹੰਮਦ ਅਸਲਮ ਅਤੇ ਸੁੱਚਾ ਸਿੰਘ ਬਾਜਵਾ (ਜਰਮਨੀ) ਨੇ ਕੀਤੀ। ਇਸ ਸਮੇਂ ਬੋਲਦਿਆਂ ਸਾਬਕਾ ਮੇਅਰ ਕੌਂਸਲਰ ਰਾਜਿੰਦਰ ਸਿੰਘ ਮਾਨ ਨੇ ਕਿਹਾ ਕਿ ਫੁੱਲ ਮਨੁੱਖ ਨਾਲ ਜਨਮ ਵੇਲੇ ਤੋਂ ਲੈ ਕੇ ਅਰਥੀ ਤੱਕ ਸਾਥ ਨਿਭਾਉਂਦੇ ਹਨ। ਕਿਸੇ ਪੰਜਾਬੀ ਵੱਲੋਂ ਗੋਰਿਆਂ ਦੇ ਫੁੱਲ ਉਗਾਉਣ ਦੇ ਸ਼ੌਕ ਨੂੰ ਅਪਣਾ ਕੇ ਲਗਾਤਾਰ ਜਿੱਤ ਦਰਜ਼ ਕਰਨੀ ਸਮੁੱਚੀ ਪੰਜਾਬੀਅਤ ਲਈ ਮਾਣ ਵਾਲੀ ਗੱਲ ਹੈ। ਉਹਨਾਂ ਇਸ ਮੌਕੇ ਅਜੀਤ ਸਿੰਘ ਚੱਘਰ ਨੂੰ ਮੁਬਾਰਕਬਾਦ ਪੇਸ਼ ਕੀਤੀ ਜਿਹਨਾਂ ਨੇ ਆਪਣੀ ਮਰਹੂਮ ਪਤਨੀ ਦੀ ਯਾਦ ਨੂੰ ਫੁੱਲ ਉਗਾਉਣ ਦੇ ਸ਼ੌਕ ਵਜੋਂ ਜ਼ਿੰਦਾ ਰੱਖਿਆ ਹੋਇਆ ਹੈ। ਇਸ ਉਪਰੰਤ ਹੋਏ ਕਵੀ ਦਰਬਾਰ ਵਿੱਚ ਨਾਮੀ ਕਵੀ ਤੇ ਕਵਿੱਤਰੀਆਂ ਨੇ ਹਿੱਸਾ ਲਿਆ ਜਿਹਨਾਂ ਵਿੱਚੋਂ ਸਰਵ ਸ੍ਰੀ ਚਮਨ ਲਾਲ ਚਮਨ, ਡਾ: ਸਾਥੀ ਲੁਧਿਆਣਵੀ, ਨਿਰਮਲ ਕੰਧਾਲਵੀ, ਸੁੱਚਾ ਸਿੰਘ ਬਾਜਵਾ, ਗਾਇਕ ਚੰਨੀ ਸਿੰਘ, ਸ਼ਾਇਰਾ ਕੁਲਵੰਤ ਢਿੱਲੋਂ, ਚਰਚਿਤ ਕਹਾਣੀਕਾਰਾ ਤੇ ਕਵਿੱਤਰੀ ਭਿੰਦਰ ਜਲਾਲਾਬਾਦੀ, ਮਨਜੀਤ ਕੌਰ ਪੱਡਾ, ਮੋਹਨ ਜੁਟਲੇ, ਉਮਰਾਓ ਸਿੰਘ ਅਟਵਾਲ, ਰਮਨਜੀਤ ਕੌਰ, ਰੇਡੀਓ ਪੇਸ਼ਕਾਰਾ ਕਰਮਜੀਤ ਕੌਰ ਭੁੱਲਰ, ਮਨਦੀਪ ਖੁਰਮੀ ਹਿਮਮਤਪੁਰਾ, ਰਮਨਜੀਤ ਕੌਰ, ਮਹਿੰਦਰ ਕੌਰ ਭੰਮਰਾ, ਉਜਾਗਰ ਸਿੰਘ, ਕਸ਼ਮੀਰ ਕੌਰ, ਮਹਿੰਦਰ ਸਿੰਘ ਸੈਹਮੀ, ਚਰਨਜੀਤ ਕੌਰ, ਰਘਵੀਰ ਰਾਹੀ, ਕੌਂਸਲਰ ਮਹਿੰਦਰ ਕੌਰ ਮਿੱਢਾ, ਜਗਦੇਵ ਸਿੰਘ ਪਨੇਸਰ, ਅਮਰਜੀਤ ਕੌਰ ਫਲੋਰਾ, ਸੰਤੋਖ ਸਿੰਘ ਕੈਲੇ, ਜਗਦੀਸ਼ ਕੌਰ, ਪਰਮਜੀਤ ਕੌਰ, ਜੈ ਸਿੱਧੂ, ਆਸ਼ਾ ਦਾਨੀ ਨਿਊਜ਼ੀਲੈਂਡ, ਪਰਮਜੀਤ ਪੰਮੀ ਆਦਿ ਨੇ ਆਪੋ ਆਪਣੀਆਂ ਰਚਨਾਵਾਂ ਅਤੇ ਵਿਚਾਰਾਂ ਰਾਹੀਂ ਅਜੀਤ ਸਿੰਘ ਚੱਘਰ ਨੂੰ ਵਧਾਈ ਦਿੱਤੀ। ਹਾਜ਼ਰੀਨ ਦਾ ਧੰਨਵਾਦ ਸ੍ਰੀ ਅਜੀਤ ਸਿੰਘ ਚੱਘਰ ਅਤੇ ਰਾਮਗੜ੍ਹੀਆ ਸਭਾ ਸਾਊਥਾਲ ਦੇ ਪ੍ਰਧਾਨ ਸ਼ਮਿੰਦਰ ਸਿੰਘ ਮਾਰਵਾਹ ਨੇ ਕੀਤਾ। ਮੰਚ ਸੰਚਾਲਕ ਦੇ ਫ਼ਰਜ਼ ਕਮਲਜੀਤ ਸਿੰਘ ਭੰਮਰਾ (ਪੰਜਾਬ ਰੇਡੀਓ) ਨੇ ਬਾਖੂਬੀ ਨਿਭਾਏ।

ਕੁੱਖਾਂ ਅਤੇ ਰੁੱਖਾਂ ਦਾ ਘਾਣ ਕਰਕੇ ਅਸੀਂ ਗੁਰੂਆਂ ਦੀਆਂ ਸਿੱਖਿਆਵਾਂ ਤੋਂ ਮੁਨਕਰ ਹੋ ਰਹੇ ਹਾਂ- ਸੰਤ ਬਲਬੀਰ ਸਿੰਘ ਸੀਚੇਵਾਲ

ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) ਕਿਸੇ ਵੇਲੇ ਰੰਗੀਂ ਵੱਸਦਾ ਪੰਜਾਬ ਸਾਡੇ ਆਪਣੇ ਲਾਲਚਾਂ ਕਾਰਨ ਹੀ ਰੁੱਖਾਂ ਅਤੇ ਕੁੱਖਾਂ ਦੀ ਬੇਕਦਰੀ ਦਾ ਸੰਤਾਪ ਭੋਗ ਰਿਹਾ ਹੈ। ਰੁੱਖਾਂ ਦੀ ਅੰਨ੍ਹੇਵਾਹ
ਕਟਾਈ ਕਾਰਨ ਵਾਤਾਵਰਣਿਕ ਵਿਗਾੜ ਪੈਦਾ ਹੋਏ ਹਨ ਅਤੇ ਕੁੱਖਾਂ ਵਿੱਚ ਧੀਆਂ ਦੇ ਕਤਲ ਹੋਣ ਨਾਲ ਪੰਜਾਬ ਵਿੱਚ ਕੁੜੀਆਂ ਦੀ ਘੱਟ ਰਹੀ ਜਨਮ ਦਰ ਦੇ ਖੌਫਨਾਕ ਅੰਕੜੇ ਨਸ਼ਰ ਹੋ ਰਹੇ ਹਨ। ਜੇ ਰੁੱਖਾਂ ਅਤੇ ਕੁੱਖਾਂ ਨੂੰ ḔਛਾਂਗਣḔ ਦੀ ਘਿਨਾਉਣੀ ਖੇਡ ਦੱਸ ਰਹੀ ਹੈ ਕਿ ਅਸੀਂ ਗੁਰੂ ਸਾਹਿਬਾਨਾਂ ਦੀਆਂ ਸਿੱਖਿਆਵਾਂ ਤੋਂ ਮੂੰਹ ਫੇਰ ਲਿਆ ਹੈ। ਉਕਤ ਵਿਚਾਰਾਂ ਦਾ ਪ੍ਰਗਟਾਵਾ ਉੱਘੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਰਾਮਗੜ੍ਹੀਆ ਸਭਾ ਸਾਊਥਾਲ ਵਿਖੇ ਗੁਰੂ ਨਾਨਕ ਯੂਨੀਵਰਸਲ ਸੇਵਾ ਯੂ ਕੇ ਆਗੂ ਡਾ: ਤਾਰਾ ਸਿੰਘ ਆਲਮ ਦੀ ਬੇਟੀ ਦੇ ਵਿਆਹ ਸਮਾਗਮ ਸਮੇਂ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਕੀਤਾ। ਉਹਨਾਂ ਦੇ ਇਸ ਵਿਚਾਰ ਦੀ ਪ੍ਰੋੜਤਾ ਕਰਦਿਆਂ ਇੰਗਲੈਂਡ ਦੇ ਪਹਿਲੇ ਏਸ਼ੀਅਨ ਜੱਜ ਸਰ ਮੋਤਾ ਸਿੰਘ, ਸਾਹਿਬ ਮੈਗਜ਼ੀਨ ਦੇ ਸੰਪਾਦਕ ਰਣਜੀਤ ਸਿੰਘ ਰਾਣਾ ਅਤੇ ਰਾਮਗੜ੍ਹੀਆ ਸਭਾ ਦੇ ਪ੍ਰਧਾਨ ਸ਼ਮਿੰਦਰ ਸਿੰਘ ਮਾਰਵਾਹ ਨੇ ਕਿਹਾ ਕਿ ਅੱਜ ਸਮੇਂ ਦੀ ਮੁੱਖ ਲੋੜ ਹੈ ਕਿ ਕੁੱਖਾਂ ਅਤੇ ਰੁੱਖਾਂ ਨੂੰ ਸਤਿਕਾਰ ਦਿੱਤਾ ਜਾਵੇ ਤਾਂ ਹੀ ਚੰਗੇਰੇ ਮਨੁੱਖੀ ਜੀਵਨ ਦੀ ਆਸ ਰੱਖੀ ਜਾ ਸਕਦੀ ਹੈ।

ਖ਼ੁਦ 'ਸਰਘੀ ਦੇ ਤਾਰੇ ਦੀ ਚੁੱਪ' ਵਰਗੀ ਹੈ ਭਿੰਦਰ ਜਲਾਲਾਬਾਦੀ

ਸ਼ਿਵਚਰਨ ਜੱਗੀ ਕੁੱਸਾ
ਕਵਿਤਾ ਦਿਮਾਗ ਵਿਚੋਂ ਘੱਟ ਅਤੇ ਆਤਮਾਂ ਵਿਚੋਂ ਜ਼ਿਆਦਾ ਉਪਜਦੀ ਹੈ! ਜਦੋਂ ਰੂਹ 'ਤੇ ਵਦਾਣ ਵੱਜਦੇ ਨੇ, ਤਦ ਕਵਿਤਾ ਉਪਜਦੀ ਹੈ, ਤੇ ਜਦ ਮੋਹ-ਮਮਤਾ, ਪ੍ਰੀਤ-ਵੈਰਾਗ, ਸੰਯੋਗ-ਵਿਯੋਗ ਨਾਲ਼ ਵਾਹ ਪੈਂਦਾ ਹੈ, ਤਦ ਕਵਿਤਾ ਦਿਮਾਗ ਦੇ ਦਰਵਾਜੇ ਆ ਦਸਤਕ ਦਿੰਦੀ ਹੈ। ਤੀਹ ਕੁ ਸਾਲ ਤੋਂ ਲੰਡਨ ਵਿਚ ਵਸਦੀ ਭਿੰਦਰ ਜਲਾਲਾਬਾਦੀ ਕਾਫ਼ੀ ਲੰਬੇ ਸਮੇਂ ਤੋਂ ਸਾਊਥਾਲ
ਦੇ ਇਕ ਰੇਡੀਓ ਸਟੇਸ਼ਨ ‘ਤੇ 'ਪ੍ਰੀਜ਼ੈਂਟਰ' ਹੈ! ਪ੍ਰੋਗਰਾਮ ਪੇਸ਼ ਕਰਦਿਆਂ ਬਹੁਤ ਵਾਰ ਮੈਂ ਉਸ ਦੀਆਂ ਕਵਿਤਾਵਾਂ ਦਾ ਆਨੰਦ ਮਾਣਿਆਂ ਹੈ। ਆਪਣੇ ਪ੍ਰੋਗਰਾਮ ਵਿਚ ਰੇਡੀਓ 'ਤੇ ਉਹ ਕਵਿਤਾ ਬੋਲਦੀ ਨਹੀਂ, ਸਗੋਂ ਖ਼ੁਦ ਇੱਕ ਕਵਿਤਾ ਬਣ ਕੇ ਪੇਸ਼ ਹੋਣਾਂ ਉਸ ਦੀ ਵਿਲੱਖਣਤਾ ਹੈ। ਵਿਸ਼ੇ ਫ਼ੜਨ ਵਿਚ ਭਿੰਦਰ ਸ਼ਿਕਾਰੀ ਅਤੇ ਸਿਰਜਣ ਵਿਚ ਪੂਰੀ ਖਿਡਾਰੀ ਹੈ! ਜਿਵੇਂ ਜੰਗਲਾਂ ਵਿਚ ਉੱਜੜੀ ਫ਼ਿਰਦੀ ਸ਼ਾਹਣੀ ਕੌਲਾਂ ਨੇ ਕਦੇ ਕਿਹਾ ਸੀ, "ਵੀਰੋ ਊਠਾਂ ਵਾਲਿਓ ਵੇ…ਪਾਣੀ ਪੀ ਜਾਓ ਦੋ ਪਲ ਬਹਿ ਕੇ…ਕੌਲਾਂ ਡੱਕੇ ਚੁਗਦੀ ਦਾ ਜਾਇਓ ਵੇ ਇੱਕ ਸੁਨੇਹਾਂ ਲੈ ਕੇ…!" ਇਹ ਕੌਲਾਂ ਦੇ ਦੁਖੀ ਦਿਲ ਦੀ ਹੂਕ ਸੀ, ਦਰਦ ਸੀ। ਇੱਕ ਸੁਨੇਹਾਂ ਸੀ ਅਤੇ ਆਪਣੇ ਵਤਨ ਦੇ ਵੀਰਾਂ ਤੋਂ ਹਮਦਰਦੀ ਦੀ ਆਸ ਸੀ। ਤਾਂ ਹੀ ਤਾਂ ਉਸ ਨੇ ਆਪਣੇ ਵਤਨ ਦੇ ਵੀਰ ਪਹਿਚਾਣ ਕੇ ਹਾਕ ਮਾਰੀ ਸੀ। ਨਹੀਂ ਤਾਂ ਡੱਕੇ ਚੁਗਦੀ ਕੌਲਾਂ ਨੂੰ ਬਥੇਰੇ ‘ਰਾਹੀ’ ਨਿੱਤ ਅਤੇ ਸਾਰੀ ਦਿਹਾੜੀ ਮਿਲਦੇ ਹੋਣਗੇ? ਪਰ ਹਾਕ ਉਸ ਨੇ "ਊਠਾਂ ਵਾਲੇ ਵੀਰਾਂ" ਨੂੰ ਹੀ ਮਾਰੀ ਸੀ! ਉਸੇ ਤਰ੍ਹਾਂ ਭਿੰਦਰ ਵੀ ਪੰਜਾਬੀ ਮਾਂ-ਬੋਲੀ ਦੇ ਵਾਰਿਸਾਂ ਨੂੰ ਤਰਲਾ ਨਹੀਂ ਕਰਦੀ, ਸਗੋਂ ਮਾਂ-ਬੋਲੀ ਦੀ ਕਦਰ ਕਰਨ ਲਈ ਚਣੌਤੀ ਵੀ ਦਿੰਦੀ ਹੈ! ਦੁਨਿਆਵੀ ਇਖ਼ਲਾਕ ਅਤੇ ਪੰਜਾਬੀਅਤ ਪ੍ਰਤੀ ਸੁਹਿਰਦ ਸੰਸਕਾਰਾਂ ਦੇ ਅਥਾਹ ਜਜ਼ਬੇ ਦੇ ਨਾਲ਼-ਨਾਲ਼ ਭਿੰਦਰ ਕੋਲ਼ ਅਨਹਦ ਨਾਦ, ਅਨਾਹਤ ਵਰਗਾ ਅੰਦਾਜ਼ ਹੈ! ਕਵਿਤਾ ਦੀਆਂ ਬਰੀਕੀਆਂ ਦੀ ਸੂਝ ਹੈ। ਕਵਿਤਾ ਸਿਰਜਣ ਦਾ ਵੱਲ ਅਤੇ ਪੰਜਾਬੀ ਮਾਂ-ਬੋਲੀ ਦੇ ਪ੍ਰਸਾਰ ਦਾ ‘ਝੱਲ’ ਹੈ। ਕਈ ਵਾਰ ਉਸ ਦੀ ਗਰਜਦੀ-ਵੰਗਾਰਦੀ ਕਵਿਤਾ ਮੈਨੂੰ ਹਰੀ ਸਿੰਘ ਨਲੂਆ ਦੀ ‘ਗੜ੍ਹਕ’ ਦਾ ਚੇਤਾ ਕਰਵਾ ਦਿੰਦੀ ਹੈ ਅਤੇ ਕਈ ਵਾਰ ਹੀਰ ਦੀ ਪ੍ਰੀਤ ਵਿਚ ਵੱਜਦੀ ਰਾਂਝੇ ਦੀ ਵੰਝਲੀ ਦੀ ਹੂਕ ਦੀ ਯਾਦ ਦਿਵਾਉਂਦੀ ਹੈ! ਕਵਿਤਾ ਸਿਰਜਣ ਦੀ ਮੁਹਾਰਤ ਭਿੰਦਰ ਨੂੰ ਬਾਖ਼ੂਬੀ ਹਾਸਲ ਹੈ! ਜਿੱਥੇ ਉਹ ਕਾਮ-ਕ੍ਰੀੜਾ ਦੇ ਭੁੱਖੇ ਬਘਿਆੜਾਂ ਨੂੰ ਸ਼ਬਦਾਂ ਦੇ ਤੀਰਾਂ ਨਾਲ਼ ਵਿੰਨ੍ਹਦੀ ਹੈ, ਉਥੇ ਆਪਣੇ 'ਮਾਹੀ' ਦੀ 'ਇਬਾਦਤ' ਵੀ ਕਰਦੀ ਹੈ:

ਪੁੱਛਦੀ ਹਾਂ ਲਲਕਾਰ ਕੇ,
ਇਹਨਾਂ ਅਖੌਤੀ ਦਿਆਨਤਦਾਰਾਂ ਨੂੰ!
ਕਿ ਕੀ ਔਰਤ ਨਾਲ ਰਿਸ਼ਤੇ ਦਾ,
ਸਿਰਫ਼, 'ਇੱਕੋ' ਮੰਤਵ ਤੇ ਮਾਹਨਾਂ ਰਹਿ ਗਿਆ?
ਜਦ ਦੌੜਦੀ ਹੈ, ਤੁਹਾਡੇ ਦਿਮਾਗ ਦੀ ਸੌੜੀ ਸਿਆਸਤ,
ਲਛਮਣ-ਰੇਖ਼ਾ ਪਾਰ ਕਰਨ ਲਈ,
ਤਾਂ ਕਿੱਥੇ ਜਾ ਲੁਕਦੈ, ਤੁਹਾਡਾ ਰੱਬ ਉਸ ਵਕਤ?
……..

ਕੋਈ ਮੰਦਿਰ ਜਾਂਦੈ, ਤੇ ਕੋਈ ਜਾਂਦੈ ਮਸਜ਼ਿਦ,
ਕੋਈ ਕਿਸੇ ਤੀਰਥ ‘ਤੇ ਹਾਜ਼ਰੀ ਭਰਦੈ,
ਤੇ ਕੋਈ ਰਗੜਦੈ ਨੱਕ, ਕਿਸੇ ਫ਼ਕੀਰ ਦੀ ਸਰਦਲ ‘ਤੇ!
ਪਰ ਮੇਰੇ ਸੱਜਣਾਂ!
ਮੇਰਾ ਤਾਂ ‘ਤੂੰ’ ਹੀ ‘ਮੱਕਾ’ ਹੈਂ!!

ਭਿੰਦਰ ਦੀ ਸਿਰਜਣਾਂ ਵਿਚ ਪੰਜਾਬ ਦਾ ਦਿਲ ਧੜਕਦਾ ਹੈ ਅਤੇ ਪੰਜਾਬਣ ਮੁਟਿਆਰ ਦੀ ਝਾਂਜਰ ਛਣਕਦੀ ਹੈ। ਉਸ ਦੀ ਕਲਪਨਾ ਦੀ ਪ੍ਰਵਾਜ਼ ਵਿਚ ਅੱਲ੍ਹੜ ਕੁੜੀ ਵੱਲੋਂ ਕਸੀਦੇ ਕੱਢੀਦੇ ਹਨ ਅਤੇ ਸੰਧੂਰੀ ਰੰਗ ਵਿਚ ਰੰਗੀ ਮੁਟਿਆਰ ਵੱਲੋਂ ਫ਼ੁਲਕਾਰੀ ‘ਤੇ ਹਾਣੀ ਪ੍ਰਤੀ ਮੋਹ ਦੇ ਫ਼ੁੱਲ ਪੈਂਦੇ ਹਨ। ਉਸ ਦੇ ਜ਼ਿਹਨ ਵਿਚ ਬੇਬੇ ਦੀ ਮਧਾਣੀ ਗਾਇਨ ਕਰਦੀ ਹੈ ਅਤੇ ਹਰੇ-ਭਰੇ ਬਾਗਾਂ ਵੱਲੋਂ ਰੁਮਕਦੀ ਪੌਣ ਲੋਰੀਆਂ ਦਿੰਦੀ ਹੈ। ਉਸ ਦੀ ਸੋਚ ਵਿਚ ਝਰਨੇਂ ਰਾਗ ਛੇੜਦੇ ਨੇ ਅਤੇ ਮੰਤਰ-ਮੁਗਧ ਹੋਈਆਂ ਇੰਦਰ ਦੀਆਂ ਪਰੀਆਂ ਨਿਰਤ ਕਰਦੀਆਂ ਨੇ! ਉਸ ਦੀਆਂ ਕਵਿਤਾਵਾਂ ਵਿਚ ਪੰਜਾਬ ਦੀਆਂ ਲਹਿ-ਲਹਾਉਂਦੀਆਂ ਫ਼ਸਲਾਂ ਜਿਹੀ ਤਾਜ਼ਗੀ ਅਤੇ ਸਰ੍ਹੋਂ ਦੇ ਫ਼ੁੱਲਾਂ ਵਰਗੀ ਰਸਭਿੰਨੀ ਖ਼ੁਸ਼ਬੂ ਹੈ। ਉਸ ਦੀ ਕਵਿਤਾ ਦੇ ਬੋਲਾਂ ਵਿਚ ਘੁਲਾੜ੍ਹੀ ‘ਤੇ ਬਣਦੇ ਗੁੜ ਜਿਹੀ ਮਹਿਕ ਹੈ ਅਤੇ ਪੋਨੇ ਗੰਨੇ ਦੇ ਰਸ ਵਰਗਾ ਸੁਆਦ! ਉਹ ਸਾਗਰ ਦੀ ਹਿੱਕ ਉਤੇ ਨੀਲ ਪਾਉਣਾ ਜਾਣਦੀ ਹੈ:

ਬਾਤ ਸੁਣਾਂ ਮੈਨੂੰ ਅੰਬਰ ਦੀ ਕੋਈ
ਜਾਂ ਪਾਤਾਲ ਦੀ ਵਿੱਥਿਆ ਦੱਸੀਂ
ਸਾਗਰ ਦੀ ਹਿੱਕ ਨੀਲ ਕਿਉਂ ਪੈਂਦੇ?
ਕੁਦਰਤ ਦੀ ਕੋਈ ਸਿੱਖਿਆ ਦੱਸੀਂ
ਗਰਜਾਂ ਦੀ ਨਿੱਤ ਵਿੱਥਿਆ ਸੁਣਦੀ
ਹੁਣ ਤਾਂ 'ਭਿੰਦਰ' ਹਾਰ ਗਈ ਏ
ਲੋਕ ਛੱਡ, ਰਹਿਬਰ ਦੀ ਹੋਈ
ਆਪਣਾ ਆਪ ਸੁਆਰ ਗਈ ਏ

ਪਰ ਜਦ ਉਹ ਬਗ਼ਾਵਤ ‘ਤੇ ਉੱਤਰ ਵਿਦਰੋਹੀ ਰਚਨਾ ਸਿਰਜਦੀ ਹੈ ਤਾਂ ਉਹ ਕੋਈ ‘ਬਾਗ਼ੀ’ ਜਾਂ ‘ਗੁਰੀਲਾ’ ਜਾਪਦੀ ਹੈ। ਉਸ ਕੋਲ਼ ਕਲਾ ਦੇ ਸੂਖ਼ਮ ਤਜ਼ਰਬਿਆਂ ਦੇ ਗਹਿਣੇ ਵੀ ਨੇ ਅਤੇ ਕਿਸੇ ਦੇ ਵਿੰਗ-ਵਲ਼ ਕੱਢਣ ਲਈ ਸ਼ਬਦਾਂ ਦੇ ਤੇਜ਼ਧਾਰ ਨਸ਼ਤਰ ਵੀ! ਭਿੰਦਰ ਦੀਆਂ ਰਚਨਾਵਾਂ ਅਨੁਸਾਰ ਪ੍ਰੇਮ ਅਤੇ ਇਸ਼ਕ ਇਕ ਸਾਧਨਾਂ ਹੈ! ਕਿਤੇ ਕਿਤੇ ਉਸ ਦੀਆਂ ਰਚਨਾਵਾਂ ਇਸੇ ਸਾਧਨਾਂ ਦੀ ਬਾਤ ਪਾਉਂਦੀਆਂ ਹਨ। ਉਸ ਦੀਆਂ ਕਵਿਤਾਵਾਂ ਵਿਚ ਖ਼ੂਹ ‘ਤੇ ਗਿੜਦੀਆਂ ਟਿੰਡਾਂ ਦੀ ਇਕ-ਸੁਰ ਅਤੇ ਇਕ-ਸਾਰ ਲੈਅ ਹੈ। ਉਸ ਦੀ ਸਿਰਜਣਾਂ ਸ਼ਕਤੀ ਵਿਚ ਮਾਘੀ ਮੌਕੇ ਕੜਾਕੇ ਦੀ ਸਰਦੀ ਵਿਚ ਖੇਤੀਂ ਲੱਗਦੇ ਕੱਸੀ ਦੇ ਪਾਣੀ ਵਰਗਾ ਹੁਲਾਸ ਅਤੇ ਨਿੱਘ ਹੈ। ਅੱਸੂ ਕੱਤੇ ਦੇ ਮਹੀਨੇ ਖੇਤਾਂ ਵਿਚ ਹਲ਼ ਖਿੱਚਦੇ ਬਲ਼ਦਾਂ ਦੀਆਂ ਟੱਲੀਆਂ ਖੜਕਣ ਦੀ ਅਦੁਤੀ ਧੁਨ ਹੈ। ਉਸ ਦੀ ਸ਼ਬਦ-ਬੁਣਤੀ ਵਿਚ ਨਾਰੀਅਲ ਦੇ ਪਾਣੀ ਵਰਗਾ ਕੁਦਰਤੀ ਰਸ ਹੈ ਅਤੇ ਇਹ ਬੁਣਤਰ-ਰਸ ਜਣੇਂ-ਖਣੇਂ ਨੂੰ ਨਸੀਬ ਨਹੀਂ ਹੋ ਜਾਂਦਾ। ਭਿੰਦਰ ਹਾਥੀ ਦੇ ਦੰਦਾਂ ਵਾਂਗ, ਖਾਣ ਲਈ ਹੋਰ ਅਤੇ ਦਿਖਾਉਣ ਲਈ ਹੋਰ ਵਾਲ਼ੀਆਂ ਗੱਲਾਂ ਵੀ ਨਹੀਂ ਕਰਦੀ। ਸੱਚੀ ਗੱਲ ਮੂੰਹ ‘ਤੇ ਕਹਿਣ ਦੀ ਆਦੀ ਹੈ। ਉਸ ਅਨੁਸਾਰ ਆਲੋਚਕ ਅਤੇ ਨਿੰਦਕ ਵਿਚ ਦੋ ਕਿਨਾਰਿਆਂ ਵਾਂਗ ਫ਼ਰਕ ਹੈ। ਆਲੋਚਕ ਤੁਹਾਨੂੰ ਸੇਧ ਪ੍ਰਦਾਨ ਕਰਦੇ ਨੇ ਅਤੇ ਨਿੰਦਕ ਦਾ ਕਾਰਜ ਬਿਨਾ ਗੱਲੋਂ ‘ਤਰਕ’ ਮਾਰ ਕੇ ਈਰਖ਼ਾ ਕਰਨੀ ਹੁੰਦੀ ਹੈ! ਮੇਰਾ ਇਹ ਗੱਲਾਂ ਕਰਨ ਦਾ ਭਾਵ ਹੈ ਕਿ ਭਿੰਦਰ ਜ਼ਿਆਦਾਤਰ ਚੁੱਪ ਰਹਿ ਕੇ ਹੀ ਦੁਆਵਾਂ ਦੇਣ ਵਾਲ਼ੀ ਫ਼ੌਲਾਦੀ ਦਿਲ ਵਾਲ਼ੀ ਔਰਤ ਹੈ ਅਤੇ ਉਹ ਬਦਖੋਹੀ ਕਰਨ ਵਾਲ਼ਿਆਂ ਦੀ ਵੀ ਚਿੰਤਾ ਨਹੀਂ ਕਰਦੀ। ਜੇ ਉਸ ਵਿਚ ਕਹਿਣ ਦਾ ਜਿਗਰਾ ਹੈ ਤਾਂ ਉਸ ਵਿਚ ਸਹਿਣ ਦਾ ਸਾਹਸ ਵੀ ਹੈ। ਉਹ ਵਿਹਲੜ ਬੰਦੇ ਵਾਂਗ ਸਿੰਗ ਮਿੱਟੀ ਵੀ ਨਹੀਂ ਚੁੱਕਦੀ ਅਤੇ ਨਾ ਹੀ ਸ਼ਬਦਾਂ ਦੀ ਖੁਰ-ਵੱਢ ਕਰਦੀ ਹੈ। ਉਹ ਤਾਂ ਨਿਯਮਬੱਧ ਸੈਨਿਕ ਵਾਂਗ ਸਮਾਜ ਦੇ 'ਵੈਰੀ' 'ਤੇ ਸ਼ਿਸ਼ਤ ਬੰਨ੍ਹ ਨਿਸ਼ਾਨਾ ਲਾਉਂਦੀ ਹੈ:

ਜਜ਼ਬਾਤਾਂ ਨੂੰ ਕਦੇ ਸ਼ਬਦ ਨਹੀਂ ਮਿਲਦੇ,
ਤੇ ਸ਼ਬਦਾਂ ਨੂੰ ਕਦੇ ਜਜ਼ਬਾਤ ਨਹੀਂ ਮਿਲ ਸਕਦੇ!
ਤੇਰੀ ਲੋਭੀ ਰੂਹ ਤਿਲਮਿਲਾ ਰਹੀ ਹੈ,
ਪਰ ਅਖ਼ੀਰ,
‘ਅੰਗੂਰ ਖੱਟੇ’ ਕਹਿਣ ਦੀ ਆਦਤ ਪਾਉਣੀ ਪਊਗੀ,
ਬੇਵੱਸ ਲੂੰਬੜੀ ਵਾਂਗ!

ਜਦ ਉਸ ਨੇ ਰੇਡੀਓ ‘ਤੇ ਮੇਰੀ ਇੰਟਰਵਿਊ ਕੀਤੀ ਤਾਂ ਉਸ ਦੇ ਮਿੱਠੇ ਬੋਲਾਂ ਅਤੇ ਨਿਮਰਤਾ ਨੇ ਮੈਨੂੰ ਇਕ ਤਰ੍ਹਾਂ ਨਾਲ਼ ਮੁੱਲ ਲੈ ਲਿਆ। ਚਾਹ ਪੀਂਦਿਆਂ ਅਤੇ ਗੱਲਾਂ ਬਾਤਾਂ ਕਰਦਿਆਂ, ਸਿੱਧੀ ਅਤੇ ਸਾਦੀ ਭਿੰਦਰ ਵਿਚ ਮੈਨੂੰ ਕੋਈ ਵਲ਼-ਫ਼ੇਰ ਨਜ਼ਰ ਨਹੀਂ ਆਇਆ, ਸਗੋਂ ਉਹ ਮੈਨੂੰ ਨਿਰਛਲ ਅਤੇ ਨਿਰਕਪਟ ਲੱਗੀ। ਇਕ ਘੰਟਾ ਪ੍ਰੋਗਰਾਮ ਵਿਚ ਹੋਈ ਮੇਰੀ ਇੰਟਰਵਿਊ ਤੋਂ ਬਾਅਦ ਸਾਡੀਆਂ ਕਾਫ਼ੀ ਲੰਮੀਆਂ ਗੱਲਾਂ ਚੱਲੀਆਂ। ਜਿਸ ਵਿਚ ਮੈਨੂੰ ਮਹਿਸੂਸ ਹੋਇਆ ਕਿ ਭਿੰਦਰ ਇਕ ਨਿਰਲੇਪ, ਪਾਕ-ਪਵਿੱਤਰ ਰੂਹ ਅਤੇ ਨੇਕ ਨੀਅਤ ਇਨਸਾਨ ਹੈ! ਆਪਣੇ ਪੰਧ ‘ਤੇ ਮਸਤ ਤੁਰਨ ਵਾਲ਼ੀ ਮਸਤਾਨੀ ਅਤੇ ਫ਼ਕੀਰ ਔਰਤ! ਸਿਰੜ ਅਤੇ ਸਾਧਨਾਂ ਦੀ ਮੂਰਤ! ਜਿਸ ਨੂੰ ‘ਤੇਰ-ਮੇਰ’ ਦੀ ਚਿੰਤਾ ਹੀ ਨਹੀਂ ਅਤੇ ਨਾ ਹੀ ‘ਮੈਂ-ਤੂੰ’ ਦਾ ਫ਼ਿਕਰ! ਕੁਝ ਅਰਸਾ ਪਹਿਲਾਂ ਮੈਂ ਉਸ ਦਾ ਪਲੇਠਾ ਕਹਾਣੀ-ਸੰਗ੍ਰਹਿ "ਬਣਵਾਸ ਬਾਕੀ ਹੈ" ਪੜ੍ਹਿਆ ਸੀ। ਉਹ ਕੇਵਲ ਕਹਾਣੀ ਖੇਤਰ ਵਿਚ ਹੀ ਸੰਪੂਰਨ ਨਹੀਂ, ਕਾਵਿ-ਸਿਰਜਣਾਂ ਵਿਚ ਵੀ ਨਿਪੁੰਨ ਹੈ। ਸਮਾਂ ਦੇਖ ਕੇ ਉਸ ਨੂੰ ਅੱਗੇ ਵਧਣਾ ਆਉਂਦਾ ਹੈ! ਉਹ ਸਿਰਫ਼ ਦੇਸ਼-ਵਿਦੇਸ਼ ਦੇ ਅਖਬਾਰਾਂ-ਰਸਾਲਿਆਂ 'ਚ ਸਿਰਫ਼ ਛਪਦੀ ਹੀ ਨਹੀਂ, ਪੰਜਾਬੀ ਪਾਠਕਾਂ ਨੇ ਉਸ ਦੀਆਂ ਕਹਾਣੀਆਂ ਨੂੰ ਸਲਾਹਿਆ ਵੀ ਬਹੁਤ ਹੈ। ਜਿਥੇ ਭਿੰਦਰ ਦੀਆਂ ਕਹਾਣੀਆਂ 'ਤੇ ਫਿਲਮਾਂ ਬਣ ਰਹੀਆਂ ਹਨ, ਉਥੇ ਉਸ ਦੀਆਂ ਕਹਾਣੀਆਂ ਉਪਰ ਨਾਟਕ ਵੀ ਖੇਡੇ ਜਾ ਰਹੇ ਹਨ । ਕੈਨੇਡਾ ਅਤੇ ਆਸਟਰੇਲੀਆ ਦੇ ਰੇਡੀਓ ਪ੍ਰੋਗਰਾਮਾਂ ਵਿਚ ਉਸ ਦੀਆਂ ਕਹਾਣੀਆਂ ਪੜ੍ਹ ਕੇ ਸੁਣਾਈਆਂ ਜਾਂਦੀਆਂ ਹਨ। ਭਿੰਦਰ ਦੀ ਅੰਗਰੇਜ਼ੀ ਕਿਤਾਬ 'ਦਾ ਬਲਾਈਂਡ ਐਂਡ ਡੈਫ ਗੌਡ' ਵੀ ਹੁਣੇ ਮਾਰਕੀਟ ਵਿਚ ਆਈ ਹੈ। ਮੈਂ ਭਿੰਦਰ ਦੇ ਕਾਵਿ-ਸੰਗ੍ਰਹਿ "ਸਰਘੀ ਦੇ ਤਾਰੇ ਦੀ ਚੁੱਪ" ਨੂੰ 'ਜੀ ਆਇਆਂ' ਆਖਦਾ ਹੋਇਆ ਉਸ ਦੀ ਮਿਹਨਤ, ਸਿਰੜ-ਸਿਦਕ ਅਤੇ ਸਿਰਜਣਾਂ ਨੂੰ ਸਿਰ ਝੁਕਾ ਕੇ ਪ੍ਰਣਾਮ ਕਰਦਾ ਹਾਂ। ਹਮੇਸ਼ਾ ਨਵੇਂ, ਨਵੇਕਲ਼ੇ ਅਤੇ ਸਫ਼ਲ ਤਜ਼ਰਬੇ ਕਰਨ ਵਾਲ਼ੀ ਭਿੰਦਰ ਲਈ ਮੇਰੀ ਪ੍ਰਾਰਥਨਾਂ ਹੈ ਕਿ ਉਹ ਇਸੇ ਤਰ੍ਹਾਂ ਹੀ ਅਣਥੱਕ ਪਾਂਧੀ ਦੀ ਤਰ੍ਹਾਂ ਆਪਣੀ ਮੰਜ਼ਿਲ ਵੱਲ ਵੱਧਦੀ ਜਾਵੇ, ਭਵਿੱਖ ਉਸ ਦੇ ਹੱਥਾਂ ਵਿਚ ਹੈ! ਉਸ ਦੀ ਬਹੁਭਾਂਤੀ ਕਲਾ ਅਤੇ ਸਖ਼ਸ਼ੀਅਤ ਮਿਸਾਲ ਜ਼ਰੂਰ ਬਣੇਗੀ। ਇਹੀ ਫ਼ਕੀਰ ਦੀ ਦੁਆ ਹੈ!

ਰੀਵਿਊ- ਚਾਰੇ ਕੂਟਾਂ ਸੁੰਨੀਆਂ

ਰੀਵਿਊਕਾਰ-ਨਿਰਮਲ ਜੌੜਾ
ਲੇਖਕ: ਸ਼ਿਵਚਰਨ ਜੱਗੀ ਕੁੱਸਾ
ਪ੍ਰਕਾਸ਼ਕ: ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ: 150 ਰੁਪਏ, ਸਫ਼ੇ: 96
ਇਸ ਪੁਸਤਕ ਵਿਚ ਦੋ ਵੱਡੇ ਲੇਖ ਹਨ। ਪਹਿਲਾ "ਚਾਰੇ ਕੂਟਾਂ ਸੁੰਨੀਆਂ" ਜਿਸ ਨੂੰ ਪੰਜ ਭਾਗਾਂ ਵਿਚ ਪੂਰਿਆ ਗਿਆ ਹੈ, ਜਦੋਂ ਕਿ ਛੇ ਭਾਗਾਂ ਵਾਲੇ ਦੂਸਰੇ ਲੇਖ ਦਾ ਨਾਂ "ਸਾਡੀ ਵੀ ਕੋਈ ਮਾਂ ਹੁੰਦੀ ਸੀ"
ਹੈ! ਇਹ ਦੋਵੇਂ ਲੇਖ ਲੇਖਕ ਦੇ ਵਿਅਕਤੀਗਤ ਦਰਦ ਦੀ ਉਪਜ ਹਨ। ਪਹਿਲਾ ਲੇਖ ਬਾਪ ਦੀ ਮੌਤ ਅਤੇ ਵਿਛੋਡ਼ੇ ਵਿਚ ਭਿੱਜੀ ਉਸ ਦੀ ਰੂਹ ਦਾ ਹਾਉਕਾ ਹੈ, ਜਦੋਂ ਕਿ ਦੂਸਰਾ ਲੇਖ ਸਿਰ ਤੋਂ ਉਠੀ ਮਮਤਾ ਦੀ ਛਾਂ ਤੋਂ ਬਾਅਦ ਵਾਲਾ ਸੇਕ ਹੈ। ਸੱਤ ਸਮੁੰਦਰੋਂ ਪਾਰ ਬੈਠਾ ਲੇਖਕ ਹਰ ਪਲ ਆਪਣੀ ਸੋਚ ਦੀਆਂ ਤਾਰਾਂ ਮੋਗਾ ਜ਼ਿਲ੍ਹਾ ਦੇ ਆਪਣੇ ਪਿੰਡ ਕੁੱਸਾ ਵਿਚਲੇ ਆਪਣੇ ਉਸ ਘਰ ਨਾਲ ਜੋਡ਼ੀ ਰੱਖਦਾ ਹੈ, ਜਿਸ ਵਿਚ ਉਸ ਦਾ ਬਿਰਧ ਬਾਪ ਬਿਮਾਰ ਪਿਆ ਹੈ ਅਤੇ ਜਿਸ ਦੇ ਮੰਜੇ 'ਤੇ ਪਏ ਦਾ ਹੀ ਉਸ ਨੂੰ ਰੱਬ ਵਰਗਾ ਆਸਰਾ ਹੈ। ਭੈਣ ਵੱਲੋਂ ਫ਼ੋਨ 'ਤੇ ਦਿੱਤੇ ਬਾਪ ਦੀ ਮੌਤ ਦਾ ਮਿਲਿਆ ਸੁਨੇਹਾਂ ਲੇਖਕ 'ਤੇ ਪਹਾਡ਼ ਵਾਂਗ ਡਿੱਗਦਾ ਹੈ ਅਤੇ ਬਾਪੂ ਦਾ ਸਸਕਾਰ ਆਪਣੀ ਜਿੰਦ ਗਹਿਣੇਂ ਧਰ ਕੇ ਵੀ ਆਪਣੇ ਹੱਥੀਂ ਕਰਨ ਦੀ ਚਾਹਨਾ, ਸਭ ਮਜਬੂਰੀਆਂ ਨੂੰ ਚੀਰਦੀ ਹੋਈ ਉਸ ਨੂੰ ਪਿੰਡ ਲੈ ਆਈ। ਬਾਪ ਦੀਆਂ ਆਖਰੀ ਰਸਮਾਂ ਖ਼ੁਦ ਕਰਕੇ ਲੇਖਕ ਸੰਤੁਸ਼ਟ ਹੈ। ਪਰ ਵਾਪਸੀ 'ਤੇ ਜਾਣ ਲੱਗਿਆਂ ਘਰ ਦੀਆਂ 'ਸੁੰਨੀਆਂ' ਕੂਟਾਂ ਉਸ ਦੀ ਰੂਹ ਨੂੰ ਕੰਬਣੀ ਛੇਡ਼ ਦਿੰਦੀਆਂ ਹਨ।
"ਸਾਡੀ ਵੀ ਕੋਈ ਮਾਂ ਹੁੰਦੀ ਸੀ" ਲੇਖ ਵਿਚ ਲੇਖਕ ਨੇ ਆਪਣੀ ਮਾਂ ਦੀ ਮੌਤ ਦੀ ਕਹਾਣੀ ਨੂੰ ਭਾਵੁਕਤਾ ਨਾਲ ਲਿਖਿਆ ਹੈ। ਜਦੋਂ ਮਾਂ ਦੇ ਸਖ਼ਤ ਬਿਮਾਰ ਹੋਣ ਦੀ ਖ਼ਬਰ ਲੇਖਕ ਤੱਕ ਪਹੁੰਚਦੀ ਹੈ ਤਾਂ ਉਹ ਹਵਾ ਨੂੰ ਚੀਰਦਾ ਹਸਪਤਾਲ ਵਿਚ ਬਿਮਾਰ ਮਾਂ ਦੇ ਬੈੱਡ ਕੋਲ ਪਹੁੰਚ ਜਾਂਦਾ ਹੈ। ਉਸ ਦੇ ਪਿਆਰ ਦੀ ਸ਼ਿੱਦਤ, ਪੈਸਾ, ਜਾਇਦਾਦ ਅਤੇ ਵੱਡੇ-ਵੱਡੇ ਲੋਕਾਂ ਨਾਲ ਸੰਪਰਕ ਵੀ ਮਾਂ ਨੂੰ ਬਚਾਉਣ ਦੇ ਕੰਮ ਨਾ ਆਏ। ਡਾਕਟਰਾਂ ਨੇ ਸੇਵਾ ਕਰਨ ਨੂੰ ਕਿਹਾ, ਵਾਹਿਗੁਰੂ ਅੱਗੇ ਅਰਦਾਸ ਕਰਨ ਨੂੰ ਕਿਹਾ, ਜੋ ਉਹ ਕਰਦਾ ਰਿਹਾ। ਅਖ਼ੀਰ ਮਮਤਾ ਤੋਂ ਸੱਖਣਾਂ ਹੋ ਉਹ ਮਜਬੂਰਨ ਫ਼ਿਰ ਵਿਦੇਸ਼ ਦੇ ਰਾਹ ਪੈ ਜਾਂਦਾ ਹੈ।

Thursday, 15 September 2011

ਐਡੀਲੇਡ ਵਿਖੇ ਬੱਬੂ ਮਾਨ ਨੇ ਖੁਦ ਵੀ ਆਨੰਦ ਉਠਾਇਆ ਆਪਣੀ ਗਾਇਕੀ ਤੇ ਭੰਗੜੇ ਦਾ

ਕੁਝ ਸ਼ਬਦ "ਹਿੰਮਤਪੁਰਾ ਡੌਟ ਕੌਮ" ਵੱਲੋਂ:- ਪਿਆਰੇ ਪਾਠਕੋ ਇੱਥੇ ਇਹ ਦੱਸਣਾ ਵੀ ਮੁਨਾਸਿਬ ਹੋਵੇਗਾ ਕਿ ਬੱਬੂ ਮਾਨ ਦੇ ਇਸ ਸ਼ੋਅ ਵਿੱਚ ਮੀਡੀਆ ਸਹਿਯੋਗੀਆਂ ਵਿੱਚ ਨਿਮਾਣੇ ਜਿਹੇ "ਹਿੰਮਤਪੁਰਾ ਡੌਟ ਕੌਮ" ਦਾ ਲੋਗੋ ਵੀ ਹਜ਼ਾਰਾਂ ਦੀ ਗਿਣਤੀ ਵਿੱਚ ਪਹੁੰਚੇ ਪੰਜਾਬੀਆਂ ਨੇ ਦੇਖਿਆ। ਵਿਸ਼ੇਸ਼ ਧੰਨਵਾਦ ਹੈ ਪ੍ਰਬੰਧਕ ਵੀਰਾਂ ਦਾ ਜਿਹਨਾਂ ਨੇ ਆਸਟ੍ਰੇਲੀਆ ਤੋਂ ਧਰਤੀ ਦੇ ਦੂਜੇ ਪਾਸੇ ਇੰਗਲੈਂਡ 'ਚ ਵਸ ਰਹੇ "ਹਿੰਮਤਪੁਰੇ" ਨੂੰ ਪਿਆਰ ਦਿੱਤਾ.... ਖੁਸ਼ੀਆਂ ਮਾਣੋ ਵੀਰੋ.......ਮਨਦੀਪ ਖੁਰਮੀ ਹਿੰਮਤਪੁਰਾ
ਐਡੀਲੇਡ (ਰਿਸ਼ੀ ਗੁਲਾਟੀ) ਉਂਝ ਤਾਂ ਪੂਰੀ ਦੁਨੀਆਂ 'ਚ ਹੀ ਪੰਜਾਬੀ ਬੜੇ ਪੁਰਾਣੇ ਵਸਦੇ ਹਨ ਤੇ ਆਸਟ੍ਰੇਲੀਆ 'ਚ ਵੀ ਪੁਰਾਣੇ

ਪੰਜਾਬੀਆਂ 'ਚੋਂ ਪੂਰਨ ਸਿੰਘ ਦਾ ਨਾਮ ਮੋਹਰੀ ਹੈ, ਜੋ ਕਿ 1899 'ਚ ਭਾਰਤ ਤੋਂ ਆਸਟ੍ਰੇਲੀਆ ਆਇਆ ਸੀ | ਪਰ ਬਹੁਤਾਤ ਦੀ ਗੱਲ ਕਰਦਿਆਂ ਜੇਕਰ ਮੋਟੇ ਤੌਰ 'ਤੇ ਨਿਗ੍ਹਾ ਮਾਰੀ ਜਾਏ ਤਾਂ ਆਸਟ੍ਰੇਲੀਆ 'ਚ ਪੰਜਾਬੀਆਂ ਦੀ ਅਜੇ ਪਹਿਲੀ ਪੀੜ੍ਹੀ ਆਈ ਹੈ | ਖਾਸ ਤੌਰ 'ਤੇ ਐਡੀਲੇਡ ਜਿਹੇ ਇਲਾਕੇ 'ਚ ਪਿਛਲੇ ਕਰੀਬ 5-6 ਸਾਲਾਂ ਤੋਂ ਹੀ ਰੰਗ-ਬਿਰੰਗੀਆਂ ਪੱਗਾਂ ਨਜ਼ਰ ਆਉਣ ਲੱਗੀਆਂ ਹਨ | ਹੁਣ ਜਾਪਦਾ ਹੈ ਕਿ ਇਹ ਪੀੜ੍ਹੀ ਵੀ ਔਖੀ ਵਿਦੇਸ਼ੀ ਜਿੰਦਗੀ 'ਚ ਸੈੱਟ ਹੋਣ ਲੱਗ ਪਈ ਹੈ, ਕਿਉਂ ਜੋ ਪੰਜਾਬੀ ਕਲਾਕਾਰਾਂ ਦੇ ਤਕਰੀਬਨ ਸਭ ਸ਼ੋਅ ਭਰੇ ਭਰੇ ਨਜ਼ਰ ਆਉਣ ਲੱਗ ਪਏ ਹਨ | ਹਾਲਾਂਕਿ ਇਨ੍ਹੀਂ ਦਿਨੀਂ ਬਹੁਤ ਸਾਰੇ ਕਲਾਕਾਰ ਪੰਜਾਬ ਤੋਂ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੇ ਦੌਰੇ ਤੇ ਆਏ ਹੋਏ ਹਨ ਤੇ ਇਹ ਸ਼ੋਅ ਬੜੀ ਜਲਦੀ ਜਲਦੀ ਕਰਵਾਏ ਜਾ ਰਹੇ ਹਨ, ਪਰ ਫਿਰ ਵੀ ਹਰ ਪੰਜਾਬੀ ਹਰ ਸ਼ੋਅ ਦੇਖਣਾ ਲੋਚਦਾ ਹੈ |
ਇਸੇ ਲੜੀ ਦੌਰਾਨ ਹਰਮਨ ਪਿਆਰੇ ਪੰਜਾਬੀ ਗਾਇਕ ਬੱਬੂ ਮਾਨ ਦਾ ਸ਼ੋਅ ਸਾਊਥ ਆਸਟ੍ਰੇਲੀਆ ਦੀ ਰਾਜਧਾਨੀ ਐਡੀਲੇਡ ਵਿਖੇ ਸਾਊਥ ਆਸਟ੍ਰੇਲੀਅਨ ਡਵੈਲਪਰ ਤੇ ਸੈਲਫੋਰਡ ਕਾਲਜ ਵੱਲੋਂ ਅਤਿ-ਆਧੁਨਿਕ ਐਡੀਲੇਡ ਇੰਟਰਟੇਨਮੈਂਟ ਸੈਂਟਰ ਵਿਖੇ ਕਰਵਾਇਆ ਗਿਆ | ਇਸ ਹਾਲ 'ਚ ਹੋਣ ਵਾਲਾ ਇਹ ਅੱਜ ਤੱਕ ਦਾ ਪਹਿਲਾ ਪੰਜਾਬੀ ਸ਼ੋਅ ਸੀ | ਜਦੋਂ ਬੱਬੂ ਮਾਨ ਚਿੱਟੇ ਕੁੜਤੇ ਪਜਾਮੇ 'ਚ ਲਾਲ ਪੱਗ ਬੰਨੀ ਸਟੇਜ 'ਤੇ ਆਇਆ ਤਾਂ ਹਾਲ ਸੀਟੀਆਂ, ਤਾੜੀਆਂ ਤੇ ਖੁਸ਼ੀ ਭਰੀਆਂ ਕੂਕਾਂ ਨਾਲ਼ ਗੂੰਜ ਉੱਠਿਆ | ਉਸਨੇ ਸਟੇਜ 'ਤੇ ਮੌਜੂਦ ਸੰਗੀਤਕਾਰਾਂ ਨੂੰ ਪ੍ਰਸਾਦ ਵੰਡਣ ਤੇ ਜੈਕਾਰਾ ਬੁਲਾਉਣ ਤੋਂ ਬਾਅਦ ਆਪਣੇ ਮਕਬੂਲ ਧਾਰਮਿਕ ਗੀਤ "ਅੱਜ ਸੰਗਰਾਂਦ ਹੈ" ਨਾਲ਼ ਸ਼ੁਰੂਆਤ ਕੀਤੀ ਤੇ ਮੁੜ "ਸਰਦਾਰ" ਗੀਤ ਨਾਲ਼ ਪ੍ਰੋਗਰਾਮ ਅੱਗੇ ਵਧਾਇਆ | ਇਸਤੋਂ ਪਹਿਲਾਂ ਸੈਲਫੋਰਡ ਕਾਲਜ ਦੇ ਸੀ ਈ ਓ ਆਸ਼ੀਸ਼ ਗੋਇਲ ਨੇ ਹਾਜ਼ਰੀਨ ਨੂੰ ਜੀ ਆਇਆਂ ਕਿਹਾ ਤੇ ਰਿਟਾਇਰਡ ਮੇਜਰ ਜਨਰਲ ਵਿਕਰਮ ਮਦਾਨ ਨੇ ਮੁੱਖ ਮਹਿਮਾਨ ਸਾਊਥ ਆਸਟ੍ਰੇਲੀਆ ਦੇ ਖਜ਼ਾਨਚੀ, ਰੋਜ਼ਗਾਰ ਤੇ ਅਗਲੇਰੀ ਸਿੱਖਿਆ ਮੰਤਰੀ ਜੈੱਕ ਸਨੇਲਿੰਗ ਨੂੰ ਮੰਚ 'ਤੇ ਆਉਣ ਦਾ ਸੱਦਾ ਦਿੱਤਾ | ਮੁੱਖ ਮਹਿਮਾਨ ਨੇ ਕਿਹਾ ਕਿ ਸਾਊਥ ਆਸਟ੍ਰੇਲੀਆ ਅੰਤਰ-ਰਾਸ਼ਟਰੀ ਵਿਦਿਆਰਥੀਆਂ ਲਈ ਸੁਰੱਖਿਅਤ ਜਗ੍ਹਾ ਹੈ ਤੇ Aਨ੍ਹਾਂ ਦੀ ਸਰਕਾਰ ਫੈਡਰਲ ਗੌਰਮਿੰਟ ਨਾਲ਼ ਵਿਦਿਆਰਥੀਆਂ ਦੇ ਮੁੱਦਿਆਂ 'ਤੇ ਹੋਰ ਗੱਲਬਾਤ ਕਰੇਗੀ |
ਬੱਬੂ ਮਾਨ ਨੇ ਸਾਰਾ ਸਮਾਂ ਸਟੇਜ ਬੰਨੀ ਰੱਖੀ | ਆਪਣੀ ਗਾਇਕੀ ਤੇ ਭੰਗੜੇ ਦਾ ਖੁਦ ਵੀ ਆਨੰਦ ਉਠਾਉਣ ਦੇ ਨਾਲ਼ ਨਾਲ਼ ਕੁਝ ਪਲਾਂ ਦੀਆਂ ਚੁਟਕੀਆਂ ਵੀ ਲਈਆਂ | ਇੱਕ ਵਿਦੇਸ਼ੀ ਜੰਮਪਲ ਪੰਜਾਬੀ ਦਰਸ਼ਕ ਨੇ "ਸਾਉਣ ਦੀ ਝੜੀ" ਗੀਤ ਸੁਣਨ ਲਈ ਪਰਚੀ 'ਤੇ ਲਿਖ ਭੇਜਿਆ "ਸੋਹਨ ਦੀ ਚੜੀ ਸੁਨਾ ਦੋ ਪਿਆਰਿਓ" ਤਾਂ ਮਾਨ ਨੇ ਚੁਟਕੀ ਲਈ "ਵਾਹ ਬਈ ! ਮਾਂ ਬੋਲੀ ਪੰਜਾਬੀ ਦੇ ਸ਼ੇਰੋ !" ਵਿਆਹਾਂ 'ਚ ਸ਼ਰਾਬੀ ਦਰਸ਼ਕਾਂ ਦੀ ਹਾਲਤ ਉਸ ਇੰਝ ਬਿਆਨ ਕੀਤੀ ਕਿ ਦੋ-ਚਾਰ ਗੀਤ ਸੁਣਾ ਦਿਓ, ਮੁੜ ਦਰਸ਼ਕ ਜੈਨਰੇਟਰ ਦੀ ਆਵਾਜ਼ 'ਤੇ ਹੀ ਨੱਚੀ ਜਾਂਦੇ ਹਨ | ਉਸਨੇ ਆਉਣ ਵਾਲੀ ਪੰਜਾਬੀ ਫਿਲਮ "ਹੀਰੋ ਹਿਟਲਰ ਇਨ ਲਵ" ਦੇ ਗੀਤਾਂ ਦੇ ਕੁਝ ਅੰਤਰੇ ਵੀ ਦਰਸ਼ਕਾਂ ਨਾਲ਼ ਸਾਂਝੇ ਕੀਤੇ |
ਹਾਲਾਂਕਿ ਸ਼ੁਰੂਆਤ 'ਚ ਦਰਸ਼ਕ ਕੁਝ ਘੱਟ ਨਜ਼ਰ ਆਏ ਪਰ ਕਰੀਬ ਅੱਧੇ ਘੰਟੇ ਬਾਅਦ ਹਾਲ ਪੂਰਾ ਭਰ ਗਿਆ ਤੇ ਇਸ ਪ੍ਰੋਗਰਾਮ ਦੀ ਸਫ਼ਲਤਾ ਦਾ ਅੰਦਾਜ਼ਾ ਪ੍ਰਬੰਧਕਾਂ ਬੌਬੀ ਗਿੱਲ, ਸੌਰਭ ਅਗਰਵਾਲ, ਜਸਦੀਪ ਢੀਂਡਸਾ ਤੇ ਸਨੀ ਮੱਲੀ ਦੇ ਚਿਹਰਿਆਂ 'ਤੇ ਆਏ ਖੇੜੇ ਤੋਂ ਲਗਾਇਆ ਜਾ ਸਕਦਾ ਸੀ | ਪਰਿਵਾਰਾਂ ਨੇ ਵੀ ਇਸ ਪ੍ਰੋਗਰਾਮ ਦਾ ਖੂਬ ਆਨੰਦ ਉਠਾਇਆ ਤੇ ਉਨ੍ਹਾਂ ਦੁਆਰਾ ਪਾਇਆ ਭੰਗੜਾ ਇਸ ਗੱਲ ਦੀ ਗਵਾਹੀ ਸੀ | ਪ੍ਰੋਗਰਾਮ ਦੇ ਦੌਰਾਨ ਐਡੀਲੇਡ ਦੇ ਗਾਇਕ ਜੱਗੀ ਰੰਧਾਵਾ ਨੇ ਵੀ ਇੱਕ ਗੀਤ ਪੇਸ਼ ਕੀਤਾ, ਜੋ ਕਿ ਬੱਬੂ ਮਾਨ ਵੱਲੋਂ ਵੀ ਸਰਾਹਿਆ ਗਿਆ | ਇਸ ਪ੍ਰੋਗਰਾਮ 'ਚ ਸ਼ਿਰਕਤ ਕਰਨ ਵਾਲਿਆਂ 'ਚ ਅਮਰੀਕ ਸਿੰਘ ਥਾਂਦੀ, ਮਿੰਟੂ ਬਰਾੜ, ਪਰਮਜੀਤ ਸਿੰਘ, ਸੁਮਿਤ ਟੰਡਨ, ਜਗਤਾਰ ਸਿੰਘ ਨਾਗਰੀ, ਰਣਜੀਤ ਸਿੰਘ ਥਿੰਦ, ਸੁਲੱਖਣ ਸਿੰਘ ਸਹੋਤਾ, ਮੋਹਣ ਨਾਗਰਾ, ਪ੍ਰਦੀਪ ਤਾਂਗਲੀ, , ਸੁਖਵਿੰਦਰ ਸਿੰਘ, ਨਿੰਦਾ ਅਰਕ ਤੇ ਨਰਿੰਦਰ ਬੈਂਸ ਆਦਿ ਤੋਂ ਇਲਾਵਾ ਸਾਊਥ ਆਸਟ੍ਰੇਲੀਆ ਦਾ ਮਸ਼ਹੂਰ ਫੁੱਟਬਾਲ ਕਲੱਬ "ਪੰਜਾਬ ਲਾਇਨਜ਼" ਦੇ ਸਭ ਮੈਂਬਰ ਸ਼ਾਮਲ ਸਨ | ਇਸ ਪ੍ਰੋਗਰਾਮ 'ਚ ਸ਼ਿਰਕਤ ਕਰ ਰਹੇ ਆਸਟ੍ਰੇਲੀਆਈ ਨਾਗਰਿਕ ਡੌਨ ਗੋਲਡਸਮਿੱਥ ਦਾ ਵੀ ਜ਼ਿਕਰ ਕਰਨਾ ਬਣਦਾ ਹੈ, ਜੋ ਕਿ ਸਿੱਖੀ ਤੋਂ ਇਸ ਕਦਰ ਪ੍ਰਭਾਵਿਤ ਹੈ ਕਿ ਉਹ ਹਮੇਸ਼ਾ ਆਪਣੇ ਸਿਰ ਤੇ ਦਸਤਾਰ ਸਜਾ ਕੇ ਰੱਖਦਾ ਹੈ ਤੇ ਨਿੱਜੀ ਜਿੰਦਗੀ 'ਚ ਵੀ ਉਸਨੂੰ ਪੰਜਾਬੀ ਪਹਿਰਾਵੇ 'ਚ ਦੇਖਿਆ ਜਾ ਸਕਦਾ ਹੈ | ਉਸਨੇ ਆਪਣਾ ਪੰਜਾਬੀ ਨਾਮ ਦਵਿੰਦਰ ਡੌਨ ਗੋਲਡਸਮਿੱਥ ਸਿੰਘ ਰੱਖਿਆ ਹੋਇਆ ਹੈ ਤੇ ਹਰ ਪ੍ਰੋਗਰਾਮ 'ਚ ਸ਼ਿਰਕਤ ਕਰਦਾ ਹੈ |
ਇੱਕ ਦਰਸ਼ਕ ਦੁਆਰਾ ਸਟੇਜ 'ਤੇ ਚੜ੍ਹਨ ਦੀ ਕੋਸ਼ਿਸ਼ ਨੇ ਦਾਲ 'ਚ ਕੋਕੜੂ ਦਾ ਕੰਮ ਕੀਤਾ ਪਰ ਬੱਬੂ ਮਾਨ ਨੇ ਬੜੀ ਸੂਝ ਬੂਝ ਨਾਲ਼ ਇਸ ਸਥਿਤੀ ਨੂੰ ਪਲਾਂ 'ਚ ਹੀ ਸੰਭਾਲ ਲਿਆ | ਵਿਚਾਰਨ ਦੀ ਲੋੜ ਹੈ ਕਿ ਵਿਦੇਸ਼ੀ ਯੂਨੀਵਰਸਿਟੀਆਂ 'ਚ ਪੜ੍ਹ ਲਿਖ ਕੇ ਤੇ ਏਨੇ ਅਗਾਂਹਵਧੂ ਮੁਲਕਾਂ 'ਚ ਵਰ੍ਹਿਆਂ ਬੱਧੀ ਵਿਚਰਨ ਦੇ ਬਾਵਜੂਦ ਹੋਰਨਾਂ ਲਈ ਪ੍ਰੇਸ਼ਾਨੀਆਂ ਖੜੀਆਂ ਕਰਨਾ ਕਿੰਨ੍ਹਾਂ ਕੁ ਜਾਇਜ਼ ਹੈ ?

Thursday, 1 September 2011

ਇੰਗਲੈਂਡ ਦੰਗਿਆਂ ਮੌਕੇ ਸਾਊਥਾਲ ਦੇ ਪੰਜਾਬੀਆਂ ਵੱਲੋਂ ਦਿਖਾਈ ਦਲੇਰੀ ਨੇ ਪੰਜਾਬੀਅਤ ਦਾ ਸਿਰ ਉੱਚਾ ਕੀਤਾ।

ਲੰਡਨ,(ਮਨਦੀਪ ਖੁਰਮੀ ਹਿੰਮਤਪੁਰਾ) ਬੀਤੇ ਦਿਨੀਂ ਇੰਗਲੈਂਡ ਦੇ ਵੱਖ ਵੱਖ ਹਿੱਸਿਆਂ ਵਿੱਚ ਲਾਚੜੀ ਹੋਈ ਵਿਹਲੜ ਭੀੜ ਨੇ ਜੋ ਹੈਵਾਨੀਅਤ ਦਾ ਨੰਗਾ ਨਾਚ ਕੀਤਾ, ਉਸ ਦਾ ਸੇਕ
ਜਿੱਥੇ ਇੰਗਲੈਂਡ ਦੀ ਆਰਥਿਕਤਾ ਨੂੰ ਲੱਗਾ ਹੈ ਉੱਥੇ ਇੰਗਲੈਂਡ ਦੀ 'ਸਰਦਾਰੀ' ਨੂੰ ਵੀ ਘੱਟੇ Ḕਚ ਮਿਲਾਉਣ ਦਾ ਕੋਝਾ ਯਤਨ ਕੀਤਾ ਹੈ। ਪਰ ਇਸ ਸਭ ਕੁਝ ਦੇ ਬਾਵਜੂਦ ਇੰਗਲੈਂਡ ਵਿੱਚ ਮਿੰਨੀ ਪੰਜਾਬ ਵਜੋਂ ਜਾਣੇ ਜਾਂਦੇ ਕਸਬੇ ਸਾਊਥਾਲ ਵਿੱਚ ਹੜਦੁੰਗੀਆਂ ਦਾ ਪੈਰ ਨਾ ਪੈਣਾ ਵੀ ਆਪਣੇ ਆਪ ਵਿੱਚ ਇੱਕ ਮਿਸਾਲ ਹੈ। ਪੰਜਾਬੀ ਭਾਈਚਾਰੇ ਵੱਲੋਂ ਮੂੰਹੋਂ-ਮੂੰਹੀ ਮਿਲੇ ਸੁਨੇਹਿਆਂ ਰਾਹੀਂ ਹੀ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਵਿਖੇ ਹਜਾਰਾਂ ਦੀ ਤਾਦਾਦ ਵਿੱਚ ਆਣ ਇਕੱਠੇ ਹੋਣਾ ਏਕਤਾ ਦਾ ਸਬੂਤ ਹੋ ਨਿੱਬੜਿਆ। ਨੌਜ਼ਵਾਨਾਂ ਦੇ ਚਿਹਰਿਆਂ ਤੋਂ ਪੜ੍ਹਿਆ ਜਾ ਸਕਦਾ ਸੀ ਕਿ ਜੇ ਭੂਤਰੀ ਭੀੜ ਸਾਊਥਾਲ ਆਣ ਵੜਦੀ ਤਾਂ ਜੋ ਹਸ਼ਰ ਹੋਣਾ ਸੀ ਸ਼ਾਇਦ ਬਿਆਨ ਨਾ ਕੀਤਾ ਜਾ ਸਕਦਾ। ਵੱਖ ਵੱਖ ਟੈਲੀਵਿਜ਼ਨ ਚੈੱਨਲਾਂ ਰਾਹੀਂ ਪੰਜਾਬੀ ਭਾਈਚਾਰੇ ਦੇ ਇਸ ਉਪਰਾਲੇ ਦੀਆਂ ਖ਼ਬਰਾਂ ਨਸ਼ਰ ਹੋਣ ਤੋਂ ਬਾਦ ਸ਼ਾਇਦ ਲੁਟੇਰਿਆਂ ਨੂੰ ਵੀ ਕੰਨ ਹੋ ਗਏ ਹੋਣ ਕਿ ਸਾਊਥਾਲ ਜਾਣਾ ਖ਼ਤਰੇ ਤੋਂ ਖਾਲੀ ਨਹੀਂ। ਇਸ ਮੌਕੇ ਪੰਜਾਬੀਆਂ ਵੱਲੋਂ ਸਿਰਫ ਗੁਰਦੁਆਰਿਆਂ ਦੀ ਰੱਖਿਆ ਦਾ ਹੀ ਅਹਿਦ ਲੈਣ ਨਾਲੋਂ ਹਰ ਮਸਜ਼ਿਦ, ਮੰਦਰ, ਚਰਚ ਦੀ ਰੱਖਿਆ ਲਈ ਨੌਜ਼ਵਾਨਾਂ ਦੀਆਂ ਟੁਕੜੀਆਂ ਤਾਇਨਾਤ ਕਰਨੀਆਂ ਸਮੂਹ ਧਰਮਾਂ ਵਿੱਚ ਪਿਆਰ ਦਾ ਪੁਲ ਉਸਾਰਨ ਦਾ ਕੰਮ ਕਰ ਗਿਆ। ਇਸ ਪਿਰਤ ਦਾ ਸਿਹਰਾ ਸਾਊਥਾਲ ਵਸਦੇ ਸਮੂਹ ਪੰਜਾਬੀਆਂ ਸਿਰ ਬੰਨ੍ਹਦਿਆਂ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੇ ਪ੍ਰਧਾਨ ਹਿੰਮਤ ਸਿੰਘ ਸੋਹੀ, ਮੈਂਬਰ ਪਾਰਲੀਮੈਂਟ ਵਰਿੰਦਰ ਸ਼ਰਮਾ, ਸਾਬਕਾ ਮੇਅਰ ਰਾਜਿੰਦਰ ਸਿੰਘ ਮਾਨ, ਕੌਂਸਲਰ ਰਣਜੀਤ ਧੀਰ, ਕੌਂਸਲਰ ਕੇ ਸੀ ਮੋਹਨ, ਕੌਂਸਲਰ ਤੇਜ ਰਾਮ ਬਾਘਾ, ਕਾ: ਹਰਦੀਪ ਦੂਹੜਾ, ਗੁਰਦੁਆਰਾ ਮੀਰੀ ਪੀਰੀ ਸਾਹਿਬ ਵੱਲੋਂ ਜਸਵੰਤ ਸਿੰਘ ਠੇਕੇਦਾਰ, ਮਹਿੰਦਰ ਸਿੰਘ ਰਾਠੌਰ ਆਦਿ ਨੇ ਕਿਹਾ ਕਿ ਸਾਊਥਾਲ ਸਾਡਾ ਘਰ ਹੈ। ਅਸੀਂ ਕਿਸੇ ਵੀ ਹੜਦੁੰਗੀ ਨੂੰ ਇਜ਼ਾਜ਼ਤ ਨਹੀਂ ਦਿਆਂਗੇ ਕਿ ਸਾਡੇ ਘਰ ਦੀਆਂ ਕੰਧਾਂ ਵਿੱਚ ਟੱਕਰਾਂ ਮਾਰੇ। ਸਾਊਥਾਲ ਵਿੱਚ ਹਰ ਧਰਮ ਦੇ ਲੋਕ ਵਸਦੇ ਹਨ ਅਤੇ ਸਾਡੇ ਪੰਜਾਬੀਆਂ ਦੇ ਖੂਨ ਵਿੱਚ ਇਹ ਸਿੱਖਿਆ ਵਸੀ ਹੋਈ ਹੈ ਕਿ ਹਰ ਧਰਮ ਦਾ ਸਤਿਕਾਰ ਕੀਤਾ ਜਾਵੇ। ਜ਼ਿਕਰਯੋਗ ਹੈ ਕਿ ਸਾਊਥਾਲ ਵਿਖੇ ਨਮਾਜ਼ ਅਦਾ ਕਰਨ ਸਮੇਂ ਮਸਜ਼ਿਦ ਦੇ ਬਾਹਰ ਪੰਜਾਬੀ ਨੌਜ਼ਵਾਨਾਂ ਵੱਲੋਂ ਕਿਸੇ ਵੀ ਅਣਸੁਖਾਵੀਂ ਘਟਨਾ ਵਾਪਰਨ ਤੋਂ ਰੋਕਣ ਲਈ ਵੀ ਪਹਿਰਾ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਬਰਮਿੰਘਮ ਤੋਂ ਚਲਦੇ ਸੰਗਤ ਟੈਲੀਵਿਜ਼ਨ ਚੈੱਨਲ ਦੇ ਪੇਸ਼ਕਾਰ ਉਪਿੰਦਰ ਰੰਧਾਵਾ ਵੱਲੋਂ ਜੋ ਦਲੇਰਾਨਾ ਕਵਰੇਜ ਕੀਤੀ ਗਈ, ਉਸ ਦੀ ਪ੍ਰਸੰਸਾ ਇੰਗਲੈਂਡ ਦੇ ਪ੍ਰਧਾਨ ਮੰਤਰੀ ਡੇਵਿਡ ਕੈਮਰਨ ਨੇ ਵੀ ਕੀਤੀ ਹੈ। ਪੁਲਿਸ ਪ੍ਰਸ਼ਾਸ਼ਨ ਵੱਲੋਂ ਵੀ ਪੰਜਾਬੀ ਭਾਈਚਾਰੇ ਦੁਆਰਾ ਦਿੱਤੇ ਸਹਿਯੋਗ ਦੀ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ।

ਹਰ ਹਿੰਦੋਸਤਾਨੀ ਅੰਨਾ ਹਜ਼ਾਰੇ ਵਾਂਗ ਭ੍ਰਿਸ਼ਟ ਤਾਣੇ ਬਾਣੇ ਖਿਲਾਫ਼ ਡਟੇ- ਜਗਰੂਪ ਸੋਹਲ

ਲੰਡਨ,(ਮਨਦੀਪ ਖੁਰਮੀ ਹਿੰਮਤਪੁਰਾ) ਸਮਾਜ ਸੇਵਕ ਅੰਨਾ ਹਜ਼ਾਰੇ ਵੱਲੋਂ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਦਾ ਸਾਥ ਦੇ ਰਹੇ ਲੋਕਾਂ ਦੀ ਗਿਣਤੀ ਵਿੱਚ ਨਿਰੰਤਰ ਹੋ ਰਹੇ ਵਾਧੇ ਨੇ ਸਾਬਤ ਕਰ
ਦਿੱਤਾ ਹੈ ਕਿ ਲੋਕ ਨੱਕੋ ਨੱਕ ਹੋਈ ਭ੍ਰਿਸਟਾਚਾਰ ਦੀ ਦਲਦਲ ਵਿੱਚੋਂ ਬਾਹਰ ਨਿੱਕਲਣ ਲਈ ਤਤਪਰ ਹਨ। ਹਰ ਸੂਝਵਾਨ ਹਿੰਦੋਸਤਾਨੀ ਦਾ ਫ਼ਰਜ਼ ਬਣਦਾ ਹੈ ਕਿ ਉਹ ਆਪਣੇ ਤੌਰ ਉੱਤੇ ਲੋਕਾਂ ਨੂੰ ਭ੍ਰਿਸ਼ਟ ਤਾਣੇ ਬਾਣੇ ਖਿਲਾਫ਼ ਡਟਣ ਲਈ ਪ੍ਰੇਰਿਤ ਕਰੇ। ਉਕਤ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਯੂਥ ਕਲੱਬ ਆਰਗੇਨਾਈਜੇਸ਼ਨ ਗਲਾਸਗੋ (ਯੂ ਕੇ) ਦੇ ਪ੍ਰਧਾਨ ਜਗਰੂਪ ਸਿੰਘ ਸੋਹਲ ਨੇ ਜਗ ਬਾਣੀ ਨਾਲ ਵਿਸ਼ੇਸ਼ ਵਾਰਤਾ ਦੌਰਾਨ ਕੀਤਾ। ਪੰਜਾਬ ਯੂਥ ਕਲੱਬ ਆਰਗੇਨਾਈਜੇਸ਼ਨ ਦੇ ਬਾਨੀ ਜੋਗਿੰਦਰ ਸਿੰਘ ਨੇ ਕਿਹਾ ਕਿ ਦੇਸ਼ ਨੂੰ ਭ੍ਰਿਸ਼ਟਾਚਾਰ ਦੀ ਜਲਾਲਤ ਤੋਂ ਨਿਜ਼ਾਤ ਦਿਵਾਉਣ ਲਈ ਜਰੂਰੀ ਹੈ ਕਿ ਅਜਿਹੀ ਦਲੇਰਾਨਾ ਮੁਹਿੰਮ ਦਾ ਵਿਦੇਸ਼ਾਂ ਵਿੱਚੋਂ ਵੀ ਸਮਰਥਨ ਕੀਤਾ ਜਾਵੇ। ਉਹਨਾਂ ਕਿਹਾ ਕਿ ਆਰਗੇਨਾਈਜੇਸ਼ਨ ਵੱਲੋਂ ਵੱਖ ਵੱਖ ਦੇਸ਼ਾਂ Ḕਚ ਸਥਾਪਿਤ ਇਕਾਈਆਂ ਵੱਲੋਂ ਭਰਪੂਰ ਸਮਰਥਨ ਕੀਤਾ ਜਾਵੇਗਾ ਤਾਂ ਕਿ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕੇ।

ਰੋਕੋ ਕੈਂਸਰ ਦੇ ਗਲੋਬਲ ਰਾਜਦੂਤ ਕੁਲਵੰਤ ਸਿੰਘ ਧਾਲੀਵਾਲ ਭਾਈ ਘਨੱਈਆ ਜੀ ਐਵਾਰਡ ਨਾਲ ਸਨਮਾਨਿਤ।

ਲੰਡਨ,(ਮਨਦੀਪ ਖੁਰਮੀ ਹਿੰਮਤਪੁਰਾ) ਕੈਂਸਰ ਵਰਗੀ ਭਿਆਨਕ ਬੀਮਾਰੀ ਨੂੰ ਜੜ੍ਹੋਂ ਪੁੱਟਣ ਦੇ ਮਨਸ਼ੇ ਨਾਲ ਲੱਕ ਬੰਨ੍ਹ ਕੇ ਤੁਰੇ ਰੋਕੋ ਕੈਂਸਰ ਸੰਸਥਾ ਦੇ ਗਲੋਬਲ ਰਾਜਦੂਤ ਕੁਲਵੰਤ ਸਿੰਘ ਧਾਲੀਵਾਲ
ਦੀ ਸਿਦਕਦਿਲੀ ਦੀ ਹਰ ਪਾਸੇ ਤੋਂ ਸਰਾਹਨਾ ਕੀਤੀ ਜਾ ਰਹੀ ਹੈ। ਬਤੇ ਦਿਨੀਂ ਕੈਲਗਰੀ ਦੇ ਗਦਰੀ ਬਾਬਿਆਂ ਦੀ ਯਾਦ ਵਿੱਚ ਕਰਵਾਏ ਜਾ ਰਹੇ ਦੇਸ ਪੰਜਾਬ ਸੱਭਿਆਚਾਰਕ ਮੇਲੇ ਦੌਰਾਨ ਸ੍ਰੀ ਧਾਲੀਵਾਲ ਨੂੰ ਭਾਈ ਘਨੱਈਆ ਜੀ ਐਵਾਰਡ ਨਾਲ ਨਿਵਾਜਿਆ ਗਿਆ। ਮੇਲੇ ਦੇ ਪ੍ਰਬੰਧਕਾਂ ਵੱਲੋਂ ਕੁਲਵੰਤ ਸਿੰਘ ਧਾਲੀਵਾਲ ਦੇ ਮਨੁੱਖਤਾ ਦੀ ਭਲਾਈ ਲਈ ਕੀਤੇ ਜਾ ਰਹੇ ਨਿਸ਼ਕਾਮ ਕਾਰਜ ਦੀ ਪ੍ਰਸੰਸਾ ਕਰਦਿਆਂ Ḕਪੰਜਾਬ ਦਾ ਬੀਬਾ ਪੁੱਤਰḔ ਕਰਾਰ ਦਿੱਤਾ। ਨਾਲ ਹੀ ਉਹਨਾਂ ਕਿਹਾ ਕਿ ਮਾਨਵਤਾ ਦੇ ਹਾਮੀ ਸਖ਼ਸ਼ ਨੂੰ ਸਨਮਾਨ ਦੇ ਕੇ ਉਹਨਾਂ ਨੂੰ ਵੀ ਅਤਿਅੰਤ ਖੁਸ਼ੀ ਹੋਈ ਹੈ। ਜ਼ਿਕਰਯੋਗ ਹੈ ਕਿ ਸ੍ਰੀ ਧਾਲੀਵਾਲ ਬਗੈਰ ਕਿਸੇ ਤਨਖਾਹ ਦੇ ਰੋਕੋ ਕੈਂਸਰ ਸੰਸਥਾ ਲਈ ਕੰਮ ਕਰ ਰਹੇ ਹਨ ਅਤੇ ਇੰਗਲੈਂਡ ਵਸਦੇ ਪੰਜਾਬੀਆਂ Ḕਚੋਂ ਵੀ ਪਹਿਲੇ ਹਨ ਜਿਹਨਾਂ ਨੂੰ ਕੈਨੇਡਾ ਵਸਦੇ ਪੰਜਾਬੀਆਂ ਨੇ ਵਿਸ਼ੇਸ਼ ਸੱਦਾ ਦੇ ਕੇ ਸਨਮਾਨਿਤ ਕੀਤਾ ਹੈ। ਇਸ ਸਨਮਾਨ ਸੰਬੰਧੀ ਜਗ ਬਾਣੀ ਨਾਲ ਗੱਲਬਾਤ ਕਰਦਿਆਂ ਕੁਲਵੰਤ ਸਿੰਘ ਧਾਲੀਵਾਲ ਨੇ ਕਿਹਾ ਕਿ ਕੈਂਸਰ ਖਿਲਾਫ਼ ਲੜਾਈ ਮੇਰਾ ਫ਼ਰਜ਼ ਹੈ ਕਿਉਂਕਿ ਮੈਨੂੰ ਹਰ ਨੌਜ਼ਵਾਨ ਚੋਂ ਆਪਣਾ ਭਰਾ, ਹਰ ਔਰਤ Ḕਚੋਂ ਮਾਂ, ਹਰ ਬਜ਼ੁਰਗ Ḕਚੋਂ ਪਿਉ ਅਤੇ ਹਰ ਬੱਚੇ Ḕਚੋਂ ਆਪਣੇ ਬੱਚਿਆਂ ਦੀ ਤਸਵੀਰ ਦਿਸਦੀ ਹੈ। ਮੈਂ ਨਹੀਂ ਚਾਹੁੰਦਾ ਕਿ ਮੇਰੇ ਲੋਕ ਕੈਂਸਰ ਦੀ ਬੀਮਾਰੀ ਅੱਗੇ ਗੋਡੇ ਟੇਕ ਕੇ ਮੌਤ ਸਵੀਕਾਰ ਲੈਣ। ਕੈਂਸਰ ਦੀ ਬੀਮਾਰੀ ਨੂੰ ਮਾਤ ਦੇਣ ਲਈ ਉਹ ਆਪਣੇ ਆਖਰੀ ਸਾਹ ਤੱਕ ਸੇਵਾ ਨਿਭਾਉਂਦੇ ਰਹਿਣਗੇ।